ਪੰਜਾਬ ਦੇ 4 IPS ਅਧਿਕਾਰੀ ਕੇਂਦਰ ਵਿੱਚ ਡੀਜੀਪੀ ਵਜੋਂ ਨਿਯੁਕਤੀ ਲਈ ਸੂਚੀਬੱਧ
ਅਮਰਦੀਪ ਰਾਏ, ਅਨੀਤਾ ਪੁੰਜ, ਸੁਧਾਂਸ਼ੂ ਸ਼੍ਰੀਵਾਸਤਵ ਅਤੇ ਪ੍ਰਵੀਨ ਸਿਨਹਾ ਦੇ ਨਾਂ ਸ਼ਾਮਲ
ਚੰਡੀਗੜ੍ਹ : ਭਾਰਤ ਸਰਕਾਰ ਨੇ ਪੰਜਾਬ ਕਾਡਰ ਦੇ ਚਾਰ ਆਈਪੀਐੱਸ ਅਧਿਕਾਰੀਆਂ ਨੂੰ ਕੇਂਦਰੀ ਡੈਪੂਟੇਸ਼ਨ ਲਈ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਰੈਂਕ ਦੇ ਅਹੁਦੇ ਲਈ ਸੂਚੀਬੱਧ ਕੀਤਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਪੁਲਿਸ ਦੇ ਚਾਰ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕੇਂਦਰੀ ਡੈਪੂਟੇਸ਼ਨ ’ਤੇ ਡੀਜੀਪੀ ਜਾਂ ਇਸਦੇ ਬਰਾਬਰ ਦੇ ਰੈਂਕ ’ਤੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ।
ਵਰਨਣਯੋਗ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਕੇਂਦਰ ਸਰਕਾਰ ਨੇ ਡੀਜੀਪੀ ਅਹੁਦੇ ਲਈ ਸੂਚੀਬੱਧ ਕੀਤਾ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਕੇਡਰ ਤੋਂ ਜਿਹੜੇ ਚਾਰ ਅਧਿਕਾਰੀਆਂ ਨੂੰ ਸੂਚੀਬੱਧ ਕੀਤਾ ਹੈ, ਉਨ੍ਹਾਂ ’ਚ ਅਮਰਦੀਪ ਸਿੰਘ ਰਾਏ, ਅਨੀਤਾ ਪੁੰਜ, ਪ੍ਰਵੀਨ ਕੁਮਾਰ ਸਿਨਹਾ ਤੇ ਸੁਧਾਂਸ਼ੂ ਸ਼੍ਰੀਵਾਸਤਵ ਸ਼ਾਮਲ ਹਨ। ਕੇਂਦਰ ਨੇ ਵੱਖ-ਵੱਖ ਸੂਬਿਆਂ ਦੇ ਕੁੱਲ 35 ਆਈਪੀਐੱਸ ਅਧਿਕਾਰੀਆਂ ਨੰ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਵਜੋਂ ਸੂਚੀਬੱਧ ਕੀਤਾ ਹੈ। ਇਹ ਸੂਚੀ ਇਨ੍ਹਾਂ ਅਧਿਕਾਰੀਆਂ ਦੇ ਕਰੀਅਰ ’ਚ ਇਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ। ਇਹੀ ਨਹੀਂ ਕੌਮੀ ਪੱਧਰ ’ਤੇ ਪੁਲਿਸ ਦੀ ਦਰਜਾਬੰਦੀ ਵਿਚ ਇਹ ਪੰਜਾਬ ਦੀ ਪ੍ਰਤੀਨਿਧਤਾ ਨੂੰ ਦਰਸਾਉਂਦਾ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ’ਚ 20 ਅਧਿਕਾਰੀ ਡੀਜੀਪੀ ਰੈਂਕ ’ਤੇ ਕਾਰਜਸ਼ੀਲ ਹਨ।