Morinda News : ਸਥਾਨਕ ਸਰਕਾਰਾਂ ਮੰਤਰੀ ਡਾ.ਰਵਜੋਤ ਨੇ ਮੋਰਿੰਡਾ ਸ਼ਹਿਰ ਦਾ ਅਚਾਨਕ ਕੀਤਾ ਦੌਰਾ, ਸੀਵਰੇਜ ਤੇ ਸਫਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਨਾਰਾਜ਼ ਹੋਏ ਡਾਕਟਰ ਰਵਜੋਤ, ਮੌਕੇ 'ਤੇ ਹੀ ਕਾਰਜ ਸਾਧਕ ਅਫਸਰ ਦੀ ਬਦਲੀ, ਜੇਈ ਤੇ ਸੈਨੀਟਰੀ ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਕੀਤਾ ਐਲਾਨ
Morinda News in Punjabi : ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਸਵੇਰੇ ਮੋਰਿੰਡਾ ਸ਼ਹਿਰ ਦਾ ਅਚਾਨਕ ਦੌਰਾ ਕੀਤਾ ਅਤੇ ਸ਼ਹਿਰ ਵਿੱਚ ਆਉਂਦਿਆਂ ਹੀ ਬਿਨਾਂ ਰੁਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਸੀਵਰੇਜ ਅਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ। ਇਸ ਮੌਕੇ 'ਤੇ ਬਹੁਤ ਸਾਰੇ ਸ਼ਹਿਰ ਵਾਸੀਆਂ ਵੱਲੋਂ ਸੀਵਰੇਜ ਬੋਰਡ ਅਧਿਕਾਰੀਆਂ ਅਤੇ ਨਗਰ ਕੌਂਸਲ ਅਧਿਕਾਰੀਆਂ ਦੀਆਂ ਖੁੱਲ ਕੇ ਸ਼ਿਕਾਇਤਾਂ ਕੀਤੀਆਂ ਗਈਆਂ। ਇਥੋਂ ਤੱਕ ਕਿ ਕੌਂਸਲਰਾਂ ਨੇ ਵੀ ਇਹ ਸ਼ਿਕਾਇਤਾਂ ਸਬੰਧੀ ਹਾਮੀ ਭਰੀ। ਸ਼ਹਿਰ ਵਿੱਚ ਸੜਕਾਂ ਤੇ ਫੈਲੇ ਗੰਦੇ ਪਾਣੀ ਅਤੇ ਗੰਦਗੀ ਤੋਂ ਸਖਤ ਨਰਾਜ਼ ਹੁੰਦਿਆਂ ਡਾਕਟਰ ਰਵਜੋਤ ਸਿੰਘ ਨੇ ਕਾਰਜ ਅਫਸਰ ਮੋਰਿੰਡਾ ਦੀ ਟਰਾਂਸਫਰ ਅਤੇ ਸੈਨਿਟਰੀ ਇੰਸਪੈਕਟਰ ਤੇ ਜੇਈ ਮੋਰਿੰਡਾ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦਾ ਐਲਾਨ ਕੀਤਾ।
ਡਾਕਟਰ ਰਵਜੋਤ ਸਿੰਘ ਨੇ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕੀਤੀ ਅਤੇ ਇੱਕ ਮਹੀਨੇ ਬਾਅਦ ਫਿਰ ਦੌਰਾ ਕਰਨ ਦਾ ਦੀ ਗੱਲ ਕਹੀ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਚੌਗਿਰਦੇ ਦੀ ਸਾਫ ਸਫਾਈ, ਸਾਫ ਪਾਣੀ ਅਤੇ ਹੋਰ ਸਿਹਤ ਸਹੂਲਤਾਂ ਦੇਣ ਲਈ ਬਿਲਕੁਲ ਸਪਸ਼ਟ ਹੈ। ਉਹਨਾਂ ਕਿਹਾ ਕਿ ਅਜਿਹੀਆਂ ਸਹੂਲਤਾਂ ਨਾ ਦੇਣ ਵਾਲੇ ਕਿਸੇ ਵੀ ਨਗਰ ਕੌਂਸਲ ਅਧਿਕਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ 'ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ, ਏਡੀਸੀ ਜਨਰਲ ਪੂਜਾ ਸਿਆਲ ਗਰੇਵਾਲ ਅਤੇ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਸਨ।
(For more news apart from Local Government Minister Dr. Ravjot Singh made surprise visit Morinda city News in Punjabi, stay tuned to Rozana Spokesman)