ਮਿਲਾਵਟਖੋਰਾਂ ਵਿਰੁਧ ਕਾਰਵਾਈ ਕਾਰਨ ਵੇਰਕਾ ਦੇ ਉਤਪਾਦਾਂ ਦੀ ਮੰਗ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਵਸਨੀਕਾਂ ਲਈ ਮਿਆਰੀ ਅਤੇ ਗੁਣਵੱਤਾ ਭਰਪੂਰ ਦੁੱਧ ਅਤੇ ਦੁਧ ਤੋਂ ਬਣੇ ਪਦਾਰਥਾਂ ਲਈ ਵੇਰਕਾ ਮਿਲਕ ਪਲਾਂਟ ਪਟਿਆਲਾ............

Verka

ਪਟਿਆਲਾ : ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਵਸਨੀਕਾਂ ਲਈ ਮਿਆਰੀ ਅਤੇ ਗੁਣਵੱਤਾ ਭਰਪੂਰ ਦੁੱਧ ਅਤੇ ਦੁਧ ਤੋਂ ਬਣੇ ਪਦਾਰਥਾਂ ਲਈ ਵੇਰਕਾ ਮਿਲਕ ਪਲਾਂਟ ਪਟਿਆਲਾ ਸ਼ੁਰੂ ਤੋਂ ਹੀ ਪਹਿਲੀ ਪਸੰਦ ਰਿਹਾ ਹੈ ਜਿਥੋ ਰੋਜ਼ਾਨਾ 1 ਲੱਖ 32 ਹਜ਼ਾਰ ਲੀਟਰ ਦੁੱਧ 580 ਦੁੱਧ ਉਤਪਾਦਕ ਸਭਾਵਾਂ ਤੋਂ ਇਕੱਠਾ ਕਰਕੇ ਅਲੱਗ-ਅਲੱਗ ਪਦਾਰਥਾਂ ਦੇ ਰੂਪ ਵਿਚ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਕਾਰਜਕਾਰੀ ਜਨਰਲ ਮੈਨੇਜਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਕਾਰਣ ਦੁਧ ਤੇ ਦੁਧ ਤੋਂ ਬਣੇ ਪਦਾਰਥਾਂ ਵਿਚ ਮਿਲਾਵਟਖ਼ੋਰੀ ਕਰਨ ਵਾਲਿਆਂ ਵਿਰੁਧ ਵਿੱਢੀ ਸਖ਼ਤ ਕਾਰਵਾਈ ਉਪਰੰਤ ਇਸ ਪਲਾਂਟ ਤੋਂ ਤਿਆਰ ਦੁਧ ਅਤੇ ਦੁਧ ਤੋਂ ਬਣੇ ਪਦਾਰਥ ਜਿਸ ਵਿਚ ਪਨੀਰ ਅਤੇ ਦਹੀਂ ਪ੍ਰਮੁੱਖ ਹਨ, ਦੀ ਖਪਤ ਪਿਛਲੇ 15 ਦਿਨਾਂ ਤੋਂ 25 ਫ਼ੀ ਸਦੀ ਤਕ ਅਤੇ ਦੁੱਧ ਤੇ ਦਹੀ ਦੀ ਖ਼ਪਤ ਵਿਚ ਵੀ 10 ਫ਼ੀ ਸਦੀ ਵਾਧਾ ਹੋਇਆ ਹੈ।

ਉਨ੍ਹਾਂ ਦਸਿਆ ਕਿ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਬਣੇ 33 ਬੂਥਾਂ ਰਾਹੀਂ ਦੁਧ ਅਤੇ ਦੁਧ ਤੋਂ ਬਣੇ ਪਦਾਰਥ ਲੋਕਾਂ ਤਕ ਪਹੁੰਚਾਏ ਜਾ ਰਹੇ ਹਨ।
ਗੁਰਮੇਲ ਸਿੰਘ ਨੇ ਦੱਸਿਆ ਕਿ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਅੰਦਰ ਕੁੱਲ 580 ਦੁੱਧ ਉਤਪਾਦਕ ਸਭਾਵਾਂ ਹਨ ਜਿਸ ਵਿਚ ਔਰਤਾਂ ਨੂੰ ਇਸ ਕਿੱਤੇ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 85 ਸਭਾਵਾਂ ਔਰਤਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਭਾਵਾਂ ਵਿਚ ਦੁੱਧ ਖ਼ਰੀਦ ਵਿਚ ਪਾਰਦਰਸ਼ਤਾ ਲਿਆਉਣ ਲਈ ਸਵੈਚਲਿਤ ਦੁੱਧ ਇਕੱਤਰਤਾ ਮਸ਼ੀਨਾਂ ਲਗਾਈਆਂ ਜਾ ਰਹੀ ਹਨ

ਜੋ ਕਿ ਦੁੱਧ ਦੀ ਗੁਣਵੱਤਾ, ਫੈਟ ਅਤੇ ਕੀਮਤ ਦੀ ਉਸੇ ਸਮੇਂ ਰਸੀਦ ਦੁੱਧ ਉਤਪਾਦਕ ਨੂੰ ਦੇਣਗੀਆਂ ਅਤੇ ਇਹ ਮਸ਼ੀਨਾਂ ਸਰਵਰ ਨਾਲ ਜੋੜੀਆਂ ਜਾ ਰਹੀਆਂ ਹਨ ਜਿਸ ਦਾ ਡਾਟਾ ਨਾਲ ਦੀ ਨਾਲ ਹੀ ਵੇਰਕਾ ਮਿਲਕ ਪਲਾਟ ਵਿਚ ਪਹੁੰਚ ਜਾਵੇਗਾ ਜਿਸ ਨਾਲ ਕਿਸੇ ਵੀ ਤਰਾਂ ਦੀ ਗਲਤੀ ਦੀ ਗੁੰਜਾਇਸ਼ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 400 ਸਵੈਚਲਿਤ ਮਸ਼ੀਨਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਜਲਦੀ ਹੀ ਲਗਾ ਦਿੱਤੀ ਜਾਣਗੀਆਂ।