22 ਜ਼ਿਲ੍ਹਾ ਪ੍ਰੀਸ਼ਦਾਂ ਤੇ 10 ਬਲਾਕ ਸੰਮਤੀਆਂ ਲਈ ਚੋਣਾਂ ਦਾ ਐਲਾਨ, ਵੋਟਾਂ 19 ਸਤੰਬਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਸਾਲ ਪਹਿਲਾਂ, ਮਈ 2013 'ਚ ਪੰਜਾਬ ਦੀਆਂ ਜ਼ਿਲਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾ ਮਗਰੋਂ ਅਪਣੀ ਮਿਆਦ ਪੁਗਾ ਚੁੱਕੀਆਂ...........

Talking to reporters, Jagpal Sandhu

ਚੰਡੀਗੜ੍ਹ : ਪੰਜ ਸਾਲ ਪਹਿਲਾਂ, ਮਈ 2013 'ਚ ਪੰਜਾਬ ਦੀਆਂ ਜ਼ਿਲਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾ ਮਗਰੋਂ ਅਪਣੀ ਮਿਆਦ ਪੁਗਾ ਚੁੱਕੀਆਂ ਇਨ੍ਹਾਂ 22 ਪ੍ਰੀਸ਼ਦਾਂ ਤੇ 150 ਸੰਮਤੀਆਂ ਲਈ ਚੋਣਾਂ ਦੇ ਐਲਾਨ ਨਾਲ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਕ ਜਨਵਰੀ 2018 ਦੇ ਆਧਾਰ 'ਤੇ 18 ਸਾਲ ਤੋਂ ਉਪਰ ਪੰਜਾਬ ਦੇ 1, 27,87395 ਵੋਟਰਾਂ ਵਾਸਤੇ, 19 ਸਤੰਬਰ  ਨੂੰ ਵੋਟਾਂ ਪਾਉਣ ਲਈ 17268 ਬੂਥ ਸਥਾਪਤ ਕੀਤੇ ਗਏ ਹਨ। ਵੋਟਾਂ 19 ਸਤੰਬਰ ਨੂੰ ਪਾਉਣ ਉਪਰੰਤ ਗਿਣਤੀ 22 ਸਤੰਬਰ ਨੂੰ ਹੋਵੇਗੀ।

ਅੱਜ ਇਥੇ ਪੰਜਾਬ ਭਵਨ 'ਚ ਚੋਣਾਂ ਲਈ ਪ੍ਰੋਗਰਾਮ ਦਾ ਵੇਰਵਾ ਦਿੰਦਿਆਂ ਚੋਣ ਕਮਿਸ਼ਨਰ ਜਗਪਾਲ ਸੰਧੂ ਨੇ ਦਸਿਆ ਕਿ 4 ਸਤੰਬਰ ਤੋਂ 7 ਤਕ, ਉਮੀਦਵਾਰ ਅਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨਗੇ, 10 ਨੂੰ  ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ ਅਗਲੇ ਦਿਨ ਨਾਮ ਵਾਪਸ ਲੈਣ ਉਪਰੰਤ, ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਉਮੀਦਵਾਰ ਕਿਸੇ ਪਾਰਟੀ ਨਿਸ਼ਾਨ 'ਤੇ ਚੋਣ ਲੜਨੀ ਚਾਹੁੰਦਾ ਹੈ ਤਾਂ ਉਸ ਵਾਸਤੇ ਅਪਣੇ ਪਾਰਟੀ ਪ੍ਰਧਾਨ ਤੋਂ ਤਜ਼ਦੀਕ ਸ਼ੁਦਾ ਚਿੱਠੀ, ਚੋਣ ਅਧਿਕਾਰੀ ਕੋਲ ਪੇਸ਼ ਕਰਨੀ ਪਵੇਗੀ।

ਜਗਪਾਲ ਸੰਧੂ ਨੇ ਦਸਿਆ ਕਿ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 354 ਸੀਟਾਂ ਅਤੇ 150 ਬਲਾਕ ਸੰਮਤੀਆਂ ਦੀਆਂ 2900 ਸੀਟਾਂ 'ਚੋਂ ਅੱਧੀਆਂ ਯਾਨੀ 50 ਪ੍ਰਤੀਸ਼ਤ, ਔਰਤਾਂ ਵਾਸਤੇ ਰਿਜ਼ਰਵ ਹੋਣਗੀਆਂ। ਇਨ੍ਹਾਂ ਰਾਖਵੀਆਂ ਸੀਟਾਂ 'ਚ ਅੱਗੇ, ਅਨੁਸੂਚਿਤ ਜਾਤੀਆਂ ਵਾਸਤੇ ਰਾਖਵਾਂਕਰਨ ਹੋਵੇਗਾ। ਸਵਾ ਕਰੋੜ ਤੋਂ ਵੱਧ ਵੋਟਰਾਂ 'ਚ 66, 88,245 ਮਰਦ ਵੋਟਰ, 60, 99,053 ਔਰਤ ਵੋਟਰ ਤੇ 97 ਵੋਟਰ ਤੀਜੇ ਲਿੰਗ ਯਾਨੀ ਹਿਜੜੇ ਵੋਟਰ ਹੋਣਗੇ ਜਿਨ੍ਹਾਂ ਵਾਸਤੇ 17268 ਪੋਲਿੰਗ ਬੂਥ ਤੇ 62000 ਬੈਲਟ ਬਾਕਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਰਾਜ ਚੋਣ ਕਮਿਸ਼ਨਰ ਨੇ ਦਸਿਆ ਕਿ ਇਨ੍ਹਾਂ ਸੰਮਤੀ ਅਤੇ ਪ੍ਰੀਸ਼ਦ ਚੋਣਾਂ ਸਮੇਤ 13268 ਗ੍ਰਾਮ ਪੰਚਾਇਤਾਂ ਲਈ, ਵਾਰਡਾਂ ਤੇ ਜ਼ੋਨਾਂ ਮੁਤਾਬਕ ਲੋੜੀਦੀਆਂ, ਹਜ਼ਾਰਾਂ-ਲੱਖਾਂ ਈ.ਵੀ.ਐਮ    ਨਾ ਹੋਣ ਕਰ ਕੇ, ਇਹ ਚੋਣਾਂ, ਪਹਿਲਾਂ ਵਾਂਗ ਬੈਲਟ ਪੇਪਰਾਂ ਤੇ ਬੈਲਟ ਬਾਕਸਾਂ ਰਾਹੀਂ ਹੀ ਕਰਾਈਆਂ ਜਾਣਗੀਆਂ। ਜਗਪਾਲ ਸੰਧੂ ਨੇ ਦਸਿਆ ਕਿ ਪੁਖਤਾ ਪ੍ਰਬੰਧਾਂ ਵਾਸਤੇ 86000 ਸਿਵਲ ਸਟਾਫ਼ ਅਤੇ ਹਜ਼ਾਰਾਂ ਪੁਲਿਸ ਕਰਮਚਾਰੀ, ਸੁਰੱਖਿਆ ਵਾਸਤੇ ਤੈਨਾਤ ਕੀਤੇ ਜਾਣਗੇ।

ਉਮੀਦਵਾਰਾਂ ਵਲੋਂ ਪ੍ਰਚਾਰ ਲਈ ਕੀਤੇ ਜਾਂਦੇ ਰਚ ਬਾਰੇ ਪੁੱਛੇ ਸੁਆਲ ਦਾ ਜਵਾਬ ਦਿੰਦਿਆਂ ਕਮਿਸ਼ਨਰ ਨੇ ਦਸਿਆ ਕਿ ਜ਼ਿਲਾ ਪ੍ਰੀਸ਼ਦ ਸੀਟ ਦੇ ਉਮੀਦਵਾਰ ਲਈ ਖ਼ਰਚੇ ਦੀ ਹੱਦ 1,56000 ਤੋਂ ਵਧਾ ਕੇ 1,90,000 ਕਰ ਦਿਤੀ ਗਈ ਹੈ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਵਾਸਤੇ ਚੋਣ ਪ੍ਰਚਾਰ ਵਾਸਤੇ ਖ਼ਰਚਾ 65000 ਤੋਂ ਵਧਾ ਕੇ 80,000 ਰੁਪਏ ਕਰ ਦਿਤਾ ਗਿਆ ਹੈ।