ਕੀ ਲੱਖਾਂ ਰੁਪਏ ਖ਼ਰਚ ਕੇ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਜਾਣਾ ਸਹੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

72% ਲੋਕਾਂ ਦਾ ਮੰਨਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਜਾਣਾ ਸਹੀ ਨਹੀਂ ਹੈ। 

Decorate Sri Darbar Sahib with flowers

ਚੰਡੀਗੜ੍ਹ : 31 ਅਗਸਤ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰੀਆਂ ਮੁਕੰਮਲ ਕਰ ਲਗਈਆਂ ਗਈਆਂ ਹਨ। ਇਸ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਸਮੂਹ ਗੁਰਦੁਆਰਾ ਸਾਹਿਬਾਨ ਦੀ ਫੁੱਲਾਂ ਨਾਲ ਅਤਿ ਸੁੰਦਰ ਸਜਾਵਟ ਕੀਤੀ ਗਈ ਹੈ। 'ਰੋਜ਼ਾਨਾ ਸਪੋਕਸਮੈਨ' ਨੇ ਆਪਣੇ ਫ਼ੇਸਬੁੱਕ ਪੇਜ਼ 'ਤੇ ਸਵਾਲ 'ਕੀ ਲੱਖਾਂ ਰੁਪਏ ਖ਼ਰਚ ਕੇ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਜਾਣਾ ਸਹੀ ਹੈ?' ਪੋਸਟ ਕੀਤਾ ਸੀ।

ਇਸ ਸਵਾਲ ਦੇ ਜਵਾਬ 'ਚ 72% ਲੋਕਾਂ ਦਾ ਮੰਨਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਜਾਣਾ ਸਹੀ ਨਹੀਂ ਹੈ। 
ਬਲਬੀਰ ਸਿੰਘ ਦਾ ਕਹਿਣਾ ਹੈ - "ਇਹ ਪੈਸਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਗਰੀਬ ਸਿੱਖਾਂ ਤੇ ਖਰਚ ਕਰੋ, ਦਰਬਾਰ ਸਾਹਿਬ ਗੁਰੂ ਸਾਹਿਬ ਦੀ ਮਿਹਰ ਸਦਕਾ ਬਹੁਤ ਸੁੰਦਰ ਹੈ।"

ਬਲਜੀਤ ਸਿੰਘ ਦਾ ਕਹਿਣਾ ਹੈ - "ਦਰਬਾਰ ਸਾਹਿਬ ਤਾਂ ਪਹਿਲਾਂ ਹੀ ਬਹੁਤ ਸੁੰਦਰ ਹੈ। ਪੈਸਾ ਲੋੜਵੰਦਾਂ 'ਤੇ ਖਰਚ ਕਰੋ।"
ਮਨੀ ਸਿੰਘ ਦਾ ਕਹਿਣਾ ਹੈ - "ਜੋ ਪੈਸੇ ਫੁੱਲਾਂ 'ਤੇ ਲਾਉਣੇ ਆ ਉਹ ਕਿਸੇ ਲੋੜਵੰਦ 'ਤੇ ਲਾਏ ਜਾਣ ਤਾਂ ਸ਼ਾਇਦ ਗੁਰੂ ਮਹਾਰਾਜ ਜੀ ਨੂੰ ਜ਼ਿਆਦਾ ਖ਼ੁਸ਼ੀ ਹੋਵੇਗੀ।"
ਬੂਟਾ ਸਿੰਘ ਦਾ ਕਹਿਣਾ ਹੈ - "ਪਹਿਲਾਂ ਸੁੰਦਰਤਾ ਘੱਟ ਐ। ਅੱਖਾਂ ਦੇ ਪਰਦੇ ਹਟਾਓ, ਹਰਿਮੰਦਰ ਸਾਹਿਬ ਸੁੰਦਰ ਸੀ, ਹੈ, ਰਹੇਗਾ। ਸਕੂਲ ਤੇ ਹਸਪਤਾਲ ਸਾਂਭੋ।"

ਹਰਪਾਲ ਸਿੰਘ ਦਾ ਕਹਿਣਾ ਹੈ - ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਸਿਧਾਂਤ ਨੂੰ ਭੁੱਲ ਕੇ ਗੁਰੂ ਸ਼ਬਦ ਦੇ ਪ੍ਰਚਾਰ ਨੂੰ ਪਿੱਛੇ ਛੱਡ ਕੇ ਫੁੱਲਾਂ ਵੱਲ ਧਿਆਨ ਕੇਂਦਰਤ ਕਰਵਾ ਕੇ ਸੰਗਤ ਨੂੰ ਗੁਮਰਾਹ ਕਰ ਰਹੇ ਹਨ।"

ਉਥੇ ਹੀ 28% ਲੋਕਾਂ ਦਾ ਮੰਨਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਜਾਣਾ ਸਹੀ ਹੈ। 

ਬਲਜੀਤ ਸਿੰਘ ਦਾ ਕਹਿਣਾ ਹੈ - "ਅਪਣੇ ਘਰੇ ਕੋਈ ਪ੍ਰੋਗਰਾਮ ਹੋਵੇ ਤਾਂ ਘਰ ਨੂੰ ਸਜਾਇਆ ਜਾਂਦਾ। ਫਿਰ ਗੁਰੂ ਘਰ 'ਤੇ ਸਭ ਦਾ ਹੈ। ਇਹ ਨੂੰ ਕਿਉਂ ਨਾ ਸਜਾਇਆ ਜਾਵੇ। ਬਹੁਤ ਵਧੀਆ, ਬਹੁਤ ਜ਼ਿਆਦਾ ਸਜਾਉਣਾ ਚਾਹੀਦਾ ਹੈ।"
ਬਲਜੀਤ ਸਿੰਘ ਦਾ ਕਹਿਣਾ ਹੈ - "ਮੈਨੂੰ ਇਕ ਗੱਲ ਦੱਸੋ ਤੁਸੀਂ ਦੀਵਾਲੀ ਤੇ ਜਾਂ ਫਿਰ ਤੁਹਾਡੇ ਘਰ ਕੋਈ ਫੰਕਸ਼ਨ ਹੁੰਦਾ ਤਾਂ ਤੁਸੀਂ ਸਜਾਵਟ ਨਹੀਂ ਕਰਦੇ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਉੱਥੇ ਉਨ੍ਹਾਂ ਨੂੰ ਵੀ ਸਜਾਉਣ ਦਾ ਪੂਰਾ ਹੱਕ ਹੈ।"

ਸਤਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ - "ਜੇ ਕਰੋੜਾਂ ਖਰਚ ਕੇ ਪਟੇਲ ਦੀ ਮੂਰਤੀ ਬਣ ਸਕਦੀ ਹੈ ਤਾਂ ਦਰਬਾਰ ਸਾਹਿਬ ਕਿਉਂ ਨਹੀਂ ਸਜਾਇਆ ਜਾ ਸਕਦਾ।"