ਵਜ਼ੀਫ਼ਾ ਘੁਟਾਲਾ - ‘ਆਪ’ ਨੇ ਜਾਂਚ ਮੁੱਖ ਸਕੱਤਰ ਨੂੰ ਸੌਂਪਣ ਦੇ ਫੈਸਲੇ ਨੂੰ ਕੀਤਾ ਰੱਦ 

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਸਕੱਤਰ ਵਲੋਂ ਪੜਤਾਲ ਕਰਾਉਣਾ ਮਹਿਜ  ਡਰਾਮਾ - ਹਰਪਾਲ ਸਿੰਘ ਚੀਮਾ

Harpal cheema

ਚੰਡੀਗੜ੍ਹ, 31 ਅਗਸਤ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵਜ਼ੀਫ਼ਾ ਘੁਟਾਲੇ ਦੀ ਮੁੱਖ ਸਕੱਤਰ ਤੋਂ ਜਾਂਚ ਕਰਾਉਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਮਾਨਯੋਗ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਸੀਬੀਆਈ ਦੀ ਜਾਂਚ ਕੀਤੀ ਜਾਵੇ। .
ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ ਭ੍ਰਿਸ਼ਟ ਮੰਤਰੀ ਨੂੰ  ਮੁੱਖ ਸਕੱਤਰ ਤੋਂ ਕਲੀਨ ਚਿੱਟ ਲੈ ਕੇ ਬਚਾਉਣ  ਦੀ ਪ੍ਰਕਿਰਿਆ ਆਰੰਭ ਕਰ ਦਿਤੀ ਹੈ।

ਕਾਂਗਰਸ ਸਰਕਾਰ ਦਾ ਇਹ ਫੈਸਲਾ ਪੰਜਾਬ  ਖ਼ਾਸਕਰ ਉਨ੍ਹਾਂ ਲੱਖਾਂ ਦਲਿਤ ਵਿਦਿਆਰਥੀਆਂ ਨਾਲ, ਨਾਲ ਦੋਹਰਾ  ਧੋਖਾ ਹੈ ਜਿਨ੍ਹਾਂ ਦੇ ਉੱਜਵਲ ਭਵਿੱਖ ਨੂੰ ਸਿੱਖਿਆ ਮਾਫੀਆ ਨੇ ਇਸ ਭ੍ਰਿਸ਼ਟ ਗਿਰੋਹ ਨਾਲ ਮਿਲੀ ਭੁਗਤ ਨਾਲ ਕਤਲ ਕਰ ਦਿੱਤਾ  ਹੈ। ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਪੁੱਛਿਆ ਕਿ ਮੰਤਰੀ ਦੀ ਕੁਰਸੀ ‘ਤੇ ਬੈਠੇ ਹੋਏ ਆਗੂ ਦੇ ਖਿਲਾਫ ਮੁੱਖ ਸਕੱਤਰ ਦੁਆਰਾ ਨਿਰਪੱਖ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ ? ਇਹ ਅੱਖਾਂ ਵਿਚ ਧੂੜ ਪਾਉਣ ਬਰਾਬਰ ਕਾਰਵਾਈ ਹੈ, ਜਿਸ ਨੂੰ ਆਮ ਆਦਮੀ ਪਾਰਟੀ ਸਿਰੇ ਤੋਂ  ਰੱਦ ਕਰਦੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਆਪਣੇ ਕਿਸੇ ਵਧੀਕ ਮੁੱਖ ਸਕੱਤਰ ਦੁਆਰਾ ਦਸਤਾਵੇਜ਼ੀ ਸਬੂਤਾਂ ਨਾਲ ਕੀਤੀ ਗਈ ਵਿਸਥਾਰਤ ਜਾਂਚ ‘ਤੇ ਭਰੋਸਾ ਨਹੀਂ ਕਰਦੇ ਤਾਂ ਇਸ ਘੁਟਾਲੇ ਦੀ ਜਾਂਚ ਸੀਬੀਆਈ ਜਾਂ ਕਿਸੇ ਕੇਂਦਰੀ ਏਜੰਸੀ ਨੂੰ ਮਾਨਯੋਗ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਸੌਂਪਣੀ ਚਾਹੀਦੀ ਹੈ।

ਮੁੱਖ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਰਹੱਸਮਈ ਕਾਰਨਾਂ ਕਰਕੇ ਜੇਲ੍ਹ ਭੇਜਣ ਦੀ ਬਜਾਏ ਮੰਤਰੀ ਦੇ ਅਹੁਦੇ ਲਈ ਬਰਕਰਾਰ ਰੱਖਣਾ ਚਾਹੁੰਦੇ ਹਨ, ਜਦਕਿ ਕਈ ਸੀਨੀਅਰ ਕਾਂਗਰਸੀ ਆਗੂ ਖ਼ੁਦ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ, ਪਰ ਰਾਜਾ ਸਾਹਿਬ ਮੰਨਣ ਲਈ ਤਿਆਰ ਨਹੀਂ ਹਨ,ਦਰਅਸਲ ਮਾਮਲਾ ਸਿੱਧਾ ਦਲਿਤ ਵਰਗ ਨਾਲ ਜੁੜਿਆ ਹੋਇਆ ਹੈ ਅਤੇ ਰਾਜਾ-ਮਹਾਰਾਜਿਆਂ ਦੀ ਗਰੀਬਾਂ, ਦਲਿਤਾਂ ਅਤੇ ਆਮ ਲੋਕਾਂ ਪ੍ਰਤੀ ਸੋਚ ਸਦੀਆਂ ਤੋਂ ਨਕਾਰਾਤਮਕ ਰਹੀ ਹੈ।

ਹਰਪਾਲ ਸਿੰਘ ਚੀਮਾ ਨੇ ਇਹ ਵੀ ਮੰਗ ਕੀਤੀ ਹੈ ਕਿ ਦਲਿਤ ਵਿਦਿਆਰਥੀਆਂ ਲਈ ਕੇਂਦਰ ਦੀ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਹੋਏ ਘੁਟਾਲਿਆਂ ਦੀ ਜਾਂਚ ਦਾ ਦਾਇਰਾ ਸਾਲ 2012-13 ਤੱਕ ਵਧਾਇਆ ਜਾਵੇ ਕਿਉਂਕਿ ਸਾਬਕਾ ਅਕਾਲੀ ਭਾਜਪਾ ਸਰਕਾਰ ਸਮੇਂ ਵੀ ਇਸ ਸਕੀਮ ਵਿੱਚ 1200 ਕਰੋੜ ਤੋਂ ਵੀ ਵੱਧ ਇੱਥੇ ਕਈ ਘੁਟਾਲੇ ਹੋਏ ਹਨ, ਜਿਨ੍ਹਾਂ ਨੂੰ ਇਸ ਭ੍ਰਿਸ਼ਟ ਗਿਰੋਹ ਨੇ ਉੱਚ ਪੱਧਰੀ ਮਿਲੀਭੁਗਤ ਨਾਲ ਦਬਾ ਦਿੱਤਾ ਹੈ।  

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ‘ਸ਼ਰਾਰਤੀ ਪਾਰਟੀ’ ਅਖਵਾਉਣ ‘ਤੇ ਚੁਟਕੀ ਲੈਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਅਤੇ ਭ੍ਰਿਸ਼ਟਾਚਾਰੀ ਨਿਜ਼ਾਮ ਖਿਲਾਫ ਲੋਕ ਅੰਦੋਲਨ ਲਈ ਕਿਸੇ ਵੀ ਹੱਦ ਤੱਕ ਜਾਵੇਗੀ ਅਤੇ ਭ੍ਰਿਸ਼ਟ ਤੰਤਰ ਖਿਲਾਫ ਅੰਦੋਲਨ  ਤੋਂ ਪੈਦਾ ਹੋਈ ਆਮ ਆਦਮੀ ਪਾਰਟੀ ਨੂੰ ਅਮਰਿੰਦਰ ਸਿੰਘ ਵਰਗੇ ਝੂਠੇ ਰਾਜੇ ਤੋਂ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।