ਹੰਝੂਆਂ ਨਾਲ ਢਿੱਡ ਭਰ ਕੇ ਗੁਜ਼ਾਰਾ ਕਰ ਰਿਹਾ ਇਹ ਗਰੀਬ ਪਰਿਵਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਪਰਿਵਾਰ ਵਿੱਚ ਚਾਰ ਜੀਅ ਰਹਿੰਦੇ ਹਨ ਅਤੇ ਘਰ ਦਾ ਇੱਕ ਹੀ ਕੋਠਾ ਹੈ ਜੋ ਕਿ ਸਾਰਾ ਹੀ ਕੱਚਾ ਹੈ

File Photo

ਤਰਨਤਾਰਨ - ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਹੰਝੂਆਂ ਨਾਲ ਢਿੱਡ ਭਰ ਕੇ ਗੁਜ਼ਾਰਾ ਕਰ ਰਿਹਾ ਇਕ ਗਰੀਬ ਪਰਿਵਾਰ ਅੱਖਾਂ ਦੀ ਸੇਜ਼ ਲਈ ਉਡੀਕ ਰਿਹਾ ਹੈ ਕਿਸੇ ਐਸੇ ਇਨਸਾਨ ਨੂੰ ਜੋ ਉਨ੍ਹਾਂ ਦੇ ਢਿੱਡ ਭਰਨ ਲਈ ਦੋ ਰੋਟੀਆਂ ਲੈ ਕੇ ਆਵੇ। ਪਿੰਡ ਘਰਿਆਲਾ ਦੇ ਵਸਨੀਕ ਇਸ ਗਰੀਬ ਪਰਿਵਾਰ ਦੇ ਘਰ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਘਰ 'ਚ ਦੋ ਵਕਤ ਦੀ ਰੋਟੀ ਪੱਕਣਾ ਤਾਂ ਦੂਰ ਦੀ ਗੱਲ ਪਰਿਵਾਰ ਨੂੰ ਇਕ ਸਮੇਂ ਦੀ ਰੋਟੀ ਵੀ ਨਹੀਂ ਨਸੀਬ ਹੁੰਦੀ।

ਇਸ ਪਰਿਵਾਰ ਵਿੱਚ ਚਾਰ ਜੀਅ ਰਹਿੰਦੇ ਹਨ ਅਤੇ ਘਰ ਦਾ ਇੱਕ ਹੀ ਕੋਠਾ ਹੈ ਜੋ ਕਿ ਸਾਰਾ ਹੀ ਕੱਚਾ ਹੈ ਅਤੇ ਉਸ ਕੋਠੇ ਦੀ ਵੀ ਛੱਤ ਕਾਨਿਆਂ ਦੀ ਹੈ ਉਹ ਵੀ ਡਿੱਗਣ ਕਿਨਾਰੇ ਹੈ। ਘਰ ਵਿਚ ਨਾ ਤਾਂ ਕੋਈ ਬਾਥਰੂਮ ਹੈ ਅਤੇ ਹੀ ਨਾ ਘਰ ਵਿੱਚ ਕੋਈ ਬਿਜਲੀ ਦਾ ਖ਼ਾਸ ਪ੍ਰਬੰਧ ਹੈ। ਇਸ ਘਰ ਦਾ ਜੋ ਮੁਖੀਆ ਹੈ ਜਿਸ ਨੂੰ ਅੱਜ ਤੋਂ ਦੋ ਸਾਲ ਪਹਿਲਾਂ ਉਸ ਨੂੰ ਪੈਰਾਲਾਇਸਿਸ ਅਟੈਕ ਹੋ ਗਿਆ ਸੀ ਅਤੇ ਉਹ ਦੋ ਸਾਲ ਤੋਂ ਮੰਜੇ 'ਤੇ ਪਿਆ ਹੈ

ਇਸ ਪੀੜਤ ਪਰਿਵਾਰ ਦੀ ਮੁਖੀ ਜਗੀਰ ਕੌਰ ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹੋਏ ਕਿਹਾ ਕਿ ਉਸ ਦੇ ਪਤੀ ਮਲੂਕ ਸਿੰਘ ਨੂੰ ਦੋ ਸਾਲ ਪਹਿਲਾਂ ਅਟੈਕ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਜੋਗਾ ਹੀ ਰਹਿ ਗਿਆ ਅਤੇ ਉਨ੍ਹਾਂ ਦਾ ਇਕਲੌਤਾ ਪੁੱਤ ਹੈ ਉਹ ਦਿਹਾੜੀ ਕਰ ਕੇ ਕੁਝ ਪੈਸੇ ਲੈ ਕੇ ਆਉਂਦਾ ਹੈ ਜਿਸ ਨਾਲ ਉਹ ਮੰਜੇ 'ਤੇ ਪਏ ਆਪਣੇ ਪਿਤਾ ਦਾ ਇਲਾਜ ਕਰਵਾ ਦਿੰਦਾ ਹੈ ਅਤੇ ਕੁਝ ਪੈਸਿਆਂ ਨਾਲ ਥੋੜ੍ਹਾ ਜਿਹਾ ਰਾਸ਼ਨ ਲੈ ਆਉਂਦਾ ਹੈ।

ਜਿਸ ਕਰ ਕੇ ਘਰ ਵਿਚ ਰੋਟੀ ਪੱਕਦੀ ਹੋ ਜਾਂਦੀ ਹੈ ਅਤੇ ਹੁਣ ਕਰੋਨਾ ਵਾਇਰਸ ਦੀ ਬੀਮਾਰੀ ਕਾਰਨ ਲਾਕਡਾਊਨ ਵਿਚ ਦਿਹਾੜੀ ਅਤੇ ਮਿਹਨਤ ਮਜ਼ਦੂਰੀ ਦਾ ਵੀ ਕੰਮ ਬੰਦ ਪਿਆ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਰੋਟੀ ਤਾਂ ਪੱਕਣੀ ਦੂਰ ਦੀ ਗੱਲ ਦੋ ਮਹੀਨੇ ਤੋਂ ਮੰਜੇ ਤੇ ਪਏ ਉਸ ਦਾ ਪਤੀ ਵੀ ਦਵਾਈ ਨੂੰ ਤਰਸ ਰਿਹਾ ਹੈ। ਉਧਰ ਜਦ ਮੰਜੇ ਤੇ ਪਏ ਪੀੜਤ ਵਿਅਕਤੀ ਮਲੂਕ ਸਿੰਘ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਆਪਣੀ ਦੁਖਭਰੀ ਦਾਸਤਾਨ ਦੱਸਦੇ ਹੋਏ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਇਨਸਾਨ ਸੀ।

ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਤਾਂ ਇੱਕ ਦਮ ਉਸ ਨੂੰ ਹੋਏ ਅਟੈਕ ਨੇ ਉਸ ਨੂੰ ਮੰਜੇ 'ਤੇ ਪਾ ਦਿੱਤਾ ਜਿਸ ਤੋਂ ਬਾਅਦ ਉਸ ਦੇ ਘਰ ਦੀ ਹਾਲਤ ਤਰਸਯੋਗ ਬਣ ਗਈ। ਉਸ ਨੇ ਕਿਹਾ ਹੈ ਕਿ ਸਾਡਾ ਇੱਕ ਹੀ ਕੋਠਾ ਹੈ ਜਿਸ 'ਚ ਅਸੀਂ ਚਾਰ ਜੀ ਗੁਜਾਰਾ ਕਰ ਰਹੇ ਹਾਂ ਜੋ ਕਿਸੇ ਵੀ ਸਮੇਂ ਢਹਿ ਸਕਦਾ ਹੈ ਪੀੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਕੁਝ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਦੋ ਵਕਤ ਦੀ ਰੋਟੀ ਖਾ ਸਕਣ।