ਦੋ ਘੰਟੇ ਸੜਕਾਂ ਜਾਮ ਕਰ ਕੇ ਪੰਜਾਬੀ ਕਿਸਾਨਾਂ ਨੇ ਹਰਿਆਣੇ ਦੇ ਕਿਸਾਨਾਂ ਦਾ ਦਿਤਾ ਸਾਥ

ਏਜੰਸੀ

ਖ਼ਬਰਾਂ, ਪੰਜਾਬ

ਦੋ ਘੰਟੇ ਸੜਕਾਂ ਜਾਮ ਕਰ ਕੇ ਪੰਜਾਬੀ ਕਿਸਾਨਾਂ ਨੇ ਹਰਿਆਣੇ ਦੇ ਕਿਸਾਨਾਂ ਦਾ ਦਿਤਾ ਸਾਥ

image


ਕਿਸਾਨਾਂ ਦਾ ਖ਼ੂਨ ਵਿਅਰਥ ਨਹੀਂ ਜਾਵੇਗਾ, ਖ਼ੂਨ ਦੇ ਹਰ ਕਤਰੇ ਦਾ ਹਿਸਾਬ ਲਿਆ ਜਾਵੇਗਾ : ਟਿਕੈਤ

ਚੰਡੀਗੜ੍ਹ/ਕਰਨਾਲ, 29 ਅਗੱਸਤ (ਨਰਿੰਦਰ ਸਿੰਘ ਝਾਮਪੁਰ, ਪਲਵਿੰਦਰ ਸਿੰਘ ਸੱਗੂ): ਹਰਿਆਣਾ ਦੇ ਕਰਨਾਲ ਵਿਚ ਬੀਤੇ ਦਿਨ ਖੱਟਰ ਸਰਕਾਰ ਦੇ ਹੁਕਮਾਂ 'ਤੇ ਟੋਲ ਪਲਾਜ਼ੇ ਉਪਰ ਧਰਨਾ ਦੇ ਰਹੇ ਕਿਸਾਨਾਂ ਉਪਰ ਜ਼ਬਰਦਸਤ ਲਾਠੀਚਾਰਜ ਕਰਨ ਵਿਰੁਧ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ 12 ਤੋਂ 2 ਵਜੇ ਤਕ ਪੰਜਾਬ ਦੇ ਹਰ ਇਕ ਕੋਨੇ ਵਿਚ ਸੜਕਾਂ ਜਾਮ ਕਰ ਕੇ ਅਪਣੇ ਹਰਿਆਣਵੀ ਭਰਾਵਾਂ ਲਈ ਹਾਅ ਦਾ ਨਾਹਰਾ ਮਾਰਿਆ ਤੇ ਚਿਤਾਵਨੀ ਦਿਤੀ ਕਿ ਜੇਕਰ ਦੋਸ਼ੀ ਪੁਲਿਸ ਅਫ਼ਸਰਾਂ ਤੇ ਐਸ.ਡੀ.ਐਮ ਵਿਰੁਧ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਹਰਿਆਣਾ ਦੀ ਖੱਟਰ ਸਰਕਾਰ ਨੂੰ  ਭਿਆਨਕ ਨਤੀਜੇ ਭੁਗਤਣੇ ਪੈਣਗੇ |
ਸਾਂਝਾ ਕਿਸਾਨ ਮੋਰਚਾ ਦੇ ਮੁੱਖ ਆਗੂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਅੱਜ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ 'ਚ ਬੀਤੇ ਦਿਨ ਕਿਸਾਨਾਂ 'ਤੇ ਹੋਏ ਲਾਠੀਚਾਰਜ ਵਿਚ ਜ਼ਖ਼ਮੀ ਹੋਏ ਕਿਸਾਨਾਂ ਦਾ ਹਾਲ ਚਾਲ ਪੁਛਣ ਲਈ ਪਹੁੰਚੇ | ਇਥੇ ਰਾਕੇਸ਼ ਟਿਕੈਤ ਨੇ ਜ਼ਖ਼ਮੀ ਕਿਸਾਨਾਂ ਦਾ ਹਾਲ ਚਾਲ ਪੁਛਿਆ ਅਤੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੋਚੀ ਸਮਝੀ ਸਾਜ਼ਸ਼ ਤਹਿਤ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਹੈ ਜਿਸ ਵਿਚ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ | 
ਪੱਤਰਕਾਰਾਂ ਵਲੋਂ ਕੀਤੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨਾਲ ਉਲਝ ਰਹੀ ਹੈ | ਰਾਕੇਸ਼ ਟਿਕੈਤ ਨੇ ਹਰਿਆਣਾ ਸਰਕਾਰ ਨੂੰ  ਤਾਲਿਬਾਨੀ ਸਰਕਾਰ ਕਿਹਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਤੋਂ ਬਦਲਾ ਲੈਣਾ ਚਾਹੁੰਦੀ ਹੈ ਅਤੇ ਡੰਡੇ ਦੇ ਜ਼ੋਰ 'ਤੇ ਅੰਦੋਲਨ ਨੂੰ  ਖ਼ਤਮ ਕਰਨਾ ਚਾਹੁੰਦੀ ਹੈ | ਸਰਕਾਰ ਜਿੰਨਾ ਜ਼ੁਲਮ ਕਰੇਗੀ ਅੰਦੋਲਨ ਉਨਾ ਹੀ ਮਜ਼ਬੂਤ ਹੋਵੇਗਾ | ਇਹ ਸਰਕਾਰ ਨੂੰ  ਜਾਣ ਲੈਣਾ ਚਾਹੀਦਾ ਹੈ ਕਿ ਸਰਕਾਰ ਵਲੋਂ ਲਾਠੀਚਾਰਜ ਕਰ ਕੇ ਕਿਸਾਨਾਂ ਦੇ ਵਹਾਏ ਗਏ ਖ਼ੂਨ ਦੇ ਹਰ ਕਤਰੇ ਦਾ ਹਿਸਾਬ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮੈਡੀਕਲ ਤੋਂ ਬਾਅਦ ਵਕੀਲਾਂ ਦੀ ਸਲਾਹ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ ਜੋ ਅਧਿਕਾਰੀ ਕਿਸਾਨਾਂ ਦੇ ਸਿਰ ਪਾੜਨ ਦੀ ਗੱਲ ਕਰ ਰਿਹਾ ਹੈ ਅਸੀ ਉਸ ਵਿਰੁਧ ਕਾਰਵਾਈ ਦੀ ਮੰਗ ਕਰਦੇ ਹਾਂ | 
ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਤੇ ਖੱਟਰ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ | ਕਿਸਾਨਾਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦਾ ਮੁਫ਼ਤ ਇਲਾਜ ਅਤੇ ਮੁਆਵਜ਼ਾ ਦਿਤਾ ਜਾਵੇ | 

ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਿੰਨਾ ਚਿਰ ਤਿੰਨੇ ਖੇਤੀ ਕਰਵਾਉਣ ਰੱਦ ਨਹੀਂ ਹੁੰਦੇ, ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਭਾਜਪਾ ਆਗੂਆਂ ਦੇ ਘਿਰਾਉ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ | ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਅਗਵਾਈ 'ਚ ਰੋਡ 'ਤੇ ਜਾਮ ਲਾਇਆ ਗਿਆ ਅਤੇ ਬਾਕੀ ਵੱਖ-ਵੱਖ ਥਾਵਾਂ 'ਤੇ ਦੂਸਰੀਆਂ ਜਥੇਬੰਦੀਆਂ ਵਲੋਂ ਵੀ ਜਾਮ ਲਾਏ ਗਏ | ਵੱਖ ਵੱਖ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ 'ਤੇ ਲਾਠੀਚਾਰਜ ਕਰਨ ਦੀ ਪਹਿਲਾਂ ਤੋਂ ਹੀ ਕੋਝੀ ਸਾਜ਼ਸ਼ ਰਚੀ ਹੋਈ ਸੀ | ਇਸ ਸਾਜ਼ਸ਼ ਦਾ ਸਬੂਤ ਉਹ ਜਨਤਕ ਹੋਈ ਵੀਡੀਉ ਹੈ ਜਿਸ ਵਿਚ ਐਸਡੀਐਮ (ਕਰਨਾਲ) ਅਯੂਸ਼ ਸਿਨਹਾ ਪੁਲਿਸ ਅਧਿਕਾਰੀਆਂ ਨੂੰ  'ਡਾਗਾਂ ਨਾਲ ਕਿਸਾਨਾਂ ਦੇ ਸਿਰ ਭੰਨ ਦੇਣ' ਦਾ ਆਦੇਸ਼ ਦਿੰਦਾ ਸਾਫ਼ ਸੁਣਾਈ ਦਿੰਦਾ ਹੈ | 
ਕਿਸਾਨਾਂ ਨੇ ਦੋ ਘੰਟਿਆਂ ਲਈ ਜੰਮੂ-ਪਾਠਨਕੋਟ, ਅੰਮਿ੍ਤਸਰ-ਜਲੰਧਰ, ਲੁਧਿਆਣਾ-ਬਰਨਾਲਾ, ਲੁਧਿਆਣਾ-ਚੰਡੀਗੜ੍ਹ, ਸੰਗਰੂਰ-ਪਟਿਆਲਾ, ਬਠਿੰਡਾ-ਮਾਨਸਾ, ਬਠਿੰਡਾ-ਫ਼ਿਰੋਜ਼ਪੁਰ, ਮੋਗਾ-ਅੰਮਿ੍ਤਸਰ, ਚੰਡੀਗੜ੍ਹ-ਪਟਿਆਲਾ ਆਦਿ ਹਾਈ ਵੇਅਜ਼ ਨੂੰ  ਦੋ ਘੰਟਿਆਂ ਲਈ ਪੂਰੀ ਤਰ੍ਹਾਂ ਜਾਮ ਕਰ ਦਿਤਾ ਤੇ ਇਸ ਬੰਦ ਵਿਚ ਕਿਸੇ ਨੂੰ  ਵੀ ਲੰਘਣ ਨਾ ਦਿਤਾ ਗਿਆ | ਇਸ ਦੌਰਾਨ ਸੜਕਾਂ 'ਤੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਤੇ ਸਵਾਰੀਆਂ ਤੰਗ-ਪ੍ਰੇਸ਼ਾਨ ਹੁੰਦੀਆਂ ਦਿਖਾਈ ਦਿਤੀਆਂ | ਇਸੇ ਤਰ੍ਹਾਂ ਪ੍ਰਭਾਵਤ ਸੜਕਾਂ ਵਿਚ ਫ਼ਤਿਹਾਬਾਦ-ਚੰਡੀਗੜ੍ਹ, ਗੋਹਾਨਾ-ਪਾਣੀਪਤ ਅਤੇ ਜੀਂਦ-ਪਟਿਆਲਾ ਹਾਈਵੇ ਸ਼ਾਮਲ ਹਨ | ਅੰਬਾਲਾ-ਕੁਰੂਕਸ਼ੇਤਰ, ਕਰਨਾਲ ਨੇੜੇ ਹਿਸਾਰ-ਚੰਡੀਗੜ੍ਹ ਅਤੇ ਕਾਲਕਾ-ਜ਼ੀਰਕਪੁਰ ਰਾਸ਼ਟਰੀ ਰਾਜਮਾਰਗ ਸ਼ਾਮਲ ਹਨ | 


ਡੱਬੀ

ਕਿਸਾਨਾਂ ਦਾ ਸੰਘਰਸ਼ ਹੁਣ ਹੋਰ ਤੇਜ਼ ਹੋਵੇਗਾ, ਕਿਸਾਨ ਪਿੱਛੇ ਨਹੀ ਹਟਣਗੇ: ਜਗਦੀਪ ਸਿੰਘ ਔਲਖ
ਕਰਨਾਲ ਤੋਂ ਕਿਸਾਨ ਆਗੂ ਜਗਦੀਪ ਸਿੰਘ ਔਲਖ ਨੇ ਕਿਹਾ ਕਿ ਕਲ ਬਸਧਾੜਾਂ ਟੋਲ ਪਲਾਜ਼ਾ 'ਤੇ ਪੁਲਿਸ ਨੇ ਇਕ ਸੋਚੀ ਸਮਝੀ ਸਾਜ਼ਸ਼ ਤਹਿਤ ਹਮਲਾ ਕੀਤਾ | ਇਸ ਹਮਲੇ ਵਿਚ ਜਿਨ੍ਹਾਂ ਪੁਲਿਸ ਕਰਮੀਆਂ ਨੇ ਕਿਸਾਨਾਂ ਤੇ ਹਮਲਾ ਕੀਤਾ ਹੈ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜੋ ਅਧਿਕਾਰੀ ਕਿਸਾਨਾਂ ਤੇ ਲਾਠੀਚਾਰਜ ਕਰਨ, ਕਿਸਾਨਾਂ ਦਾ ਸਿਰ ਪਾੜਨ ਦੀ ਗੱਲ ਕਰ ਰਿਹਾ ਹੈ ਉਸ ਅਧਿਕਾਰੀ ਵਿਰੁਧ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਅਸੀਂ ਇਕ ਹੋਰ ਸੰਘਰਸ਼ ਵਿੱਢ ਦਿਆਂਗੇ | ਜਦੋਂ ਤਕ ਦੋਸ਼ੀ ਅਧਿਕਾਰੀਆਂ ਵਿਰੁਧ ਕਾਰਵਾਈ ਨਹੀਂ ਕੀਤੀ ਜਾਂਦੀ ਸਾਡਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤੇ ਲਾਠੀਚਾਰਜ ਤੋਂ ਬਾਅਦ ਕਿਸਾਨ ਪਿੱਛੇ ਨਹੀਂ ਹਟੇ ਕਿਸਾਨ ਹੋਰ ਮਜ਼ਬੂਤੀ ਨਾਲ ਅੰਦੋਲਨ ਕਰਦੇ ਰਹਿਣਗੇ |
    


ਐਸਏਐਸ-ਨਰਿੰਦਰ-29-1
ਐਸਏਐਸ-ਨਰਿੰਦਰ-29-1ਏ
ਐਸਏਐਸ-ਨਰਿੰਦਰ-29-1ਬੀ