ਕੋਟਕਪੂਰਾ ਗੋਲੀਕਾਂਡ : ਭੀੜ ਨੂੰ ਉਕਸਾਉਣ ਵਾਲੇ ਅਣਪਛਾਤੇ ਦੀ ਜਾਂਚ ਕਰਨ ਦੀ ਮੰਗ ਉੱਠੀ

ਏਜੰਸੀ

ਖ਼ਬਰਾਂ, ਪੰਜਾਬ

ਸਪੋਕਸਮੈਨ ਟੀ.ਵੀ. ਵਲੋਂ ਨਵਾਂ ਪ੍ਰਗਟਾਵਾ ਬਣਿਆ ਚਰਚਾ ਦਾ ਮੁੱਦਾ

A new exposer on Spokesman TV has become an issue of discussion

ਚੰਡੀਗੜ੍ਹ: 2015 ਦੇ ਕੋਟਕਪੂਰਾ ਗੋਲੀਕਾਂਡ ’ਤੇ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਹੁਤ ਛੇਤੀ ਇਸ ਕੇਸ ’ਚ ਚੌਥਾ ਚਲਾਨ ਪੇਸ਼ ਕਰਨ ਜਾ ਰਹੀ ਹੈ। ਇਸ ਦੌਰਾਨ ਸਪੋਕਸਮੈਨ ਟੀ.ਵੀ. ਇਸ ਗੋਲੀਕਾਂਡ ਬਾਰੇ ਹੁਣ ਤਕ ਦਾ ਸਭ ਤੋਂ ਵੱਡਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਗੋਲੀਕਾਂਡ ਪਿੱਛੇ ਅਸਲ ਸ਼ਖਸ, ਜਿਸ ਨੇ ਉਸ ਸਮੇਂ ਬੈਠੇ ਲੋਕਾਂ ਨੂੰ ਉਕਸਾਉਣ ਦਾ ਕੰਮ ਕੀਤਾ ਸੀ ਦਾ ਚਿਹਰਾ ਸਾਹਮਣੇ ਆ ਚੁਕਾ ਹੈ। ਹੱਥ ’ਚ ਬੇਸਬਾਲ ਦਾ ਬੈਟ ਚੁੱਕੀ, ਨੰਗੇ ਸਿਰ ਆਮ ਵਰਦੀ ’ਚ ਪੁਲਿਸ ਮੁਲਾਜ਼ਮਾਂ ਵਿਚਕਾਰ ਘੁੰਮ ਰਿਹਾ ਇਹ ਵਿਅਕਤੀ ਅਜੇ ਤਕ ਅਣਪਛਾਤਾ ਹੈ। 

ਇਸ ਨਵੇਂ ਪ੍ਰਗਟਾਵੇ ਬਾਰੇ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਰਮਨ ਚਾਂਦੀ ਨੇ ਕਿਹਾ ਕਿ ਸਪੋਕਸਮੈਨ ਟੀ.ਵੀ. ਵਲੋਂ ਕੀਤੇ ਇਸ ਪ੍ਰਗਟਾਵੇ ਦੇ ਪੱਖ ਤੋਂ ਕਦੇ ਵੀ ਕੰਮ ਨਹੀਂ ਹੋਇਆ ਅਤੇ ਵੀਡੀਉ ਵੇਖ ਕੇ ਜ਼ਰੂਰ ਲਗਦਾ ਹੈ ਕਿ ਇਸ ਵਿਅਕਤੀ ਕੋਲੋਂ ਪੁੱਛ-ਪੜਤਾਲ ਹੋਣੀ ਚਾਹੀਦੀ ਹੈ। ਮੌਜੂਦਾ ਭਗਵੰਤ ਮਾਨ ਸਰਕਾਰ ਇਸ ਪੱਖ ਤੋਂ ਜ਼ਰੂਰ ਜਾਂਚ ਕਰਵਾਏਗੀ। 

ਕਾਂਗਰਸ ਆਗੂ ਟੀਨਾ ਚੌਧਰੀ ਨੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਮਸਲਾ ਹੈ ਅਤੇ ਜੇਕਰ ਪੰਜਾਬ ਸਰਕਾਰ ਇਸ ਨਵੇਂ ਪ੍ਰਗਟਾਵੇ ਬਾਰੇ ਜਾਂਚ ਕਰਵਾਉਣਾ ਚਾਹੇਗੀ ਤਾਂ ਉਨ੍ਹਾਂ ਦੀ ਪਾਰਟੀ ਇਸ ਦੀ ਹਮਾਇਤ ਕਰੇਗੀ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਈਆਂ ਜਾਂਚਾਂ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਹ ਜਾਂਚਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਹੋਈਆਂ ਸਨ, ਜੋ ਹੁਣ ਭਾਜਪਾ ’ਚ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਨੂੰ ਪਹਿਲ ਨਹੀਂ ਦਿਤੀ ਅਤੇ ਉਨ੍ਹਾਂ ਦੀ ਅਗਵਾਈ ’ਚ ਕਮੀ ਕਾਰਨ ਹੀ ਸੂਬੇ ’ਚ ਕਾਂਗਰਸ ਸਰਕਾਰ ਮੁੜ ਨਹੀਂ ਬਣ ਸਕੀ। 

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਗੂ ਵਿਜੈ ਕੁੰਵਰ ਪ੍ਰਤਾਪ ਵੀ ਇਸ ਕੇਸ ਦੀ ਐਸ.ਆਈ.ਈ. ’ਚ ਸ਼ਾਮਲ ਸਨ ਪਰ ਉਨ੍ਹਾਂ ਨੂੰ ਵੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅੱਗੇ ਨਾ ਆਉਣ ਦੇਣਾ ਇਹ ਦਰਸਾਉਂਦਾ ਹੈ ਕਿ ਇਸ ਕੇਸ ’ਤੇ ਕੋਈ ਗੰਭੀਰ ਨਹੀਂ ਹੈ। 

ਜਦਕਿ ਕੋਟਕਪੂਰਾ ਗੋਲੀਕਾਂਡ ’ਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਸਿਆਸਤਦਾਨਾਂ ਇਸ ਕੇਸ ਸਿਰਫ ਉਲਝਾਇਆ ਹੀ ਹੈ। ਉਨ੍ਹਾਂ ਕਿਹਾ, ‘‘ਸਾਡੇ ਘਰਾਂ ’ਚ ਮਾਤਮ ਸਰਕਾਰੀ ਗੋਲੀ ਕਾਰਨ ਛਾਇਆ ਹੈ ਪਰ ਅਜੇ ਤਕ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੋਈ ਹੰਭਲਾ ਨਹੀਂ ਮਾਰਿਆ ਗਿਆ।’’ ਉਨ੍ਹਾਂ ਕਿਹਾ ਕਿ ਇਸ ਅਣਪਛਾਤੇ ਵਿਅਕਤੀ ਦੇ ਰੋਲ ਬਾਰੇ ਵੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।