ਮੋਹਾਲੀ ਪੁਲਿਸ ਵਲੋਂ ਘੜੂੰਆਂ ਵਿਖੇ ਫਾਇਰਿੰਗ ਕਰਨ ਵਾਲੇ ਗੈਂਗ ਦਾ ਇਕ ਹੋਰ ਮੈਂਬਰ ਗ੍ਰਿਫਤਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ’ਚ ਤੇਜਿੰਦਰਪਾਲ ਸਿੰਘ ਨੇ ਲੱਤ ਤੁੜਵਾਈ

Arrested accused with police.

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਮੋਹਾਲੀ ਪੁਲਿਸ ਨੇ ਘੜੂੰਆਂ ’ਚ ਇਕ ਵਿਅਕਤੀ ’ਤੇ ਹਮਲਾ ਕਰਨ ਵਾਲੇ ਗੈਂਗ ਦੇ ਦੂਜੇ ਮੈਂਬਰਾਂ ਨੂੰ ਵੀ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ’ਚ ਸਿਰਸਾ, ਹਰਿਆਣਾ ਵਾਸੀ ਅਨਿਲ ਕੁਮਾਰ ਬਿਸ਼ਨੋਈ ਅਤੇ ਗੁਰਦਾਸਪੁਰ ਵਾਸੀ ਤੇਜਿੰਦਰਪਾਲ ਸਿੰਘ ਸ਼ਾਮਲ ਹਨ। ਇਨ੍ਹਾਂ ਕੋਲੋਂ 5 ਪਿਸਤੌਲਾਂ ਵੀ ਬਰਾਮਦ ਹੋਈਆਂ ਹਨ। 

ਪੁਲਿਸ ਅਨੁਸਾਰ 21 ਅਗੱਸਤ ਨੂੰ ਪਿੰਡ ਘੜੂਆਂ ਵਿਖੇ ਮਨਪ੍ਰੀਤ ਸਿੰਘ  ’ਤੇ ਉਸ ਦੇ ਘਰ ਦੇ ਬਾਹਰ, ਦੋ ਨੌਜੁਆਨਾਂ ਨੇ ਜਾਨੋਂ ਮਾਰਨ ਦੇ ਇਰਾਦੇ ਨਾਲ ਗੋਲੀਆਂ ਚਲਾਈਆਂ ਸਨ। ਜਾਂਚ ਦੌਰਾਨ ਪੁਲਿਸ ਟੀਮਾਂ ਨੇ ਦੋਸ਼ੀਆਂ ਦੀ ਭਾਲ ਕਰ ਕੇ ਗ੍ਰਿਫਤਾਰ ਕਰਨ ’ਚ ਅਹਿਮ ਸਫਲਤਾ ਹਾਸਲ ਕੀਤੀ ਹੈ। 

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨਿਲ ਕੁਮਾਰ ਬਿਸ਼ਨੋਈ ਅਤੇ ਤੇਜਿੰਦਰਪਾਲ ਸਿੰਘ ਉਰਫ ਪੱਪਲ ਜੋ ਕਿ ਗੈਂਗਸਟਰ ਅੰਮ੍ਰਿਤਪਾਲ ਬੱਲ ਗੈਂਗ ਨਾਲ ਸਬੰਧ ਰੱਖਦੇ ਹਨ। ਗੁਪਤ ਸੂਚਨਾ ਦੇ ਆਧਾਰ ’ਤੇ 29 ਅਗੱਸਤ ਨੂੰ ਮੁਲਜ਼ਮ ਅਨਿਲ ਕੁਮਾਰ ਬਿਸ਼ਨੋਈ ਜ਼ੀਰਕਪੁਰ ’ਚ ਮੌਜੂਦ ਸੀ। ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਨਿਲ ਕੁਮਾਰ ਬਿਸ਼ਨੋਈ ਵੱਲੋ ਪੁਲਿਸ ਪਾਰਟੀ ਉਪਰ ਫਾਇਰ ਕੀਤੇ ਗਏ। ਪੁਲਿਸ ਅਨੁਸਾਰ ਉਸ ਨੇ ਜਵਾਬੀ ਫ਼ਾਇਰ ਕੀਤੇ ਅਤੇ ਅਨਿਲ ਕੁਮਾਰ ਬਿਸ਼ਨੋਈ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਪ੍ਰੰਤੂ ਦੋਸ਼ੀ ਵੱਲੋਂ ਫਾਇਰਿੰਗ ਕਰਦੇ ਹੋਏ, ਉਸ ਦੇ ਆਪਣੇ ਪਿਸਟਲ ਤੋਂ ਹੀ ਉਸ ਦੇ ਸੱਜੇ ਪੈਰ ਵਿੱਚ ਗੋਲੀ ਲੱਗ ਗਈ ਤੇ ਉਹ ਜਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ, ਫੇਸ-6, ਮੋਹਾਲੀ ਦਾਖਲ ਕਰਵਾਇਆ ਗਿਆ ਅਤੇ ਉਸ ਪਾਸੋਂ 2 ਪਿਸਟਲ .30 ਬੋਰ ਬ੍ਰਾਮਦ ਕੀਤੇ ਗਏ ਹਨ।

ਅੁਨਿੱਲ ਕੁਮਾਰ ਬਿਸ਼ਨੋਈ ਪਾਸੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਉਸ ਦੇ ਸਾਥੀ ਦੋਸ਼ੀ ਤੇਜਿੰਦਰਪਾਲ ਸਿੰਘ ਉਰਫ ਪੱਪਲ ਨੂੰ ਵੀ ਅੱਜ ਪਿੰਡ ਗੁਰਚੱਕ, ਥਾਣਾ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਦੇ ਏਰੀਆ ’ਚੋਂ ਗ੍ਰਿਫਤਾਰ ਕਰਕੇ ਉਸ ਪਾਸੋਂ 02 ਪਿਸਟਲ .30 ਬੋਰ ਅਤੇ 03 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਤੇਜਿੰਦਰਪਾਲ ਸਿੰਘ ਉਰਫ ਪੱਪਲ ਵੱਲੋਂ ਵੀ ਗ੍ਰਿਫਤਾਰੀ ਸਮੇਂ ਘਰ ਦੀ ਛੱਤ ਤੋ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਣ ਉਸ ਦੇ ਖੱਬੀ ਲੱਤ ਵਿੱਚ ਫਰੈਕਚਰ ਆਇਆ ਹੈ।

ਅਨਿਲ ਬਿਸ਼ਨੋਈ ਕੋਲੋਂ ਇੱਕ ਮੋਟਰਸਾਈਕਲ ਸਪਲੈਂਡਰ ਵੀ ਬਰਮਾਦ ਹੋਇਆ ਹੈ ਜੋ ਉਸ ਨੇ ਹਿਸਾਰ ਤੋ ਚੋਰੀ ਕੀਤਾ ਸੀ। ਪੁਲਿਸ ਅਨੁਸਾਰ ਦੋਸ਼ੀ ਅਨਿਲ ਕੁਮਾਰ ਬਿਸ਼ਨੋਈ ਅਤੇ ਤੇਜਿੰਦਰਪਾਲ ਸਿੰਘ ਉੱਰਫ ਪੱਪਲ ਦੋਨੋ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਬੱਲ ਜੋ ਕਿ ਜੱਗੂ ਭਗਵਾਨਪੂਰੀਆ ਗੈਂਗ ਦਾ ਐਕਟਿਵ ਮੈਂਬਰ ਹੈ, ਦੀ ਗੈਂਗ ਦੇ ਮੈਂਬਰ ਹਨ ਜੋ ਇਹ ਦੋਨੋ ਦੋਸ਼ੀ ਗੈਂਗਸਟਰਾਂ ਦੇ ਕਹਿਣ ’ਤੇ ਹੀ ਪੰਜਾਬ ਦੇ ਵੱਖ ਵੱਖ ਏਰੀਆ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜੋ ਇਹ ਦੋਨੋ ਦੋਸ਼ੀ ਫੇਸਬੁੱਕ ਰਾਹੀਂ ਗੈਂਗਸਟਰ ਅੰਮ੍ਰਿਤਪਾਲ ਬੱਲ ਦੇ ਸੰਪਰਕ ਵਿੱਚ ਆਏ ਸਨ ਤੇ ਮਿਤੀ 21-08-2023 ਨੂੰ ਪਿੰਡ ਘੜੂੰਆ ਵਿਖੇ ਹੋਈ ਫਾਇਰਿੰਗ ਵੀ ਇਹਨਾਂ ਨੇ ਗੈਂਗਸਟਰ ਅੰਮ੍ਰਿਤਪਾਲ ਬੱਲ ਦੇ ਕਹਿਣ ’ਤੇ ਹੀ ਕੀਤੀ ਸੀ।