Punjab News : ਰਾਹਤ ਸਮੱਗਰੀ ਤੋਂ ਲੈ ਕੇ ਸਿਹਤ ਸੇਵਾਵਾਂ ਤੱਕ-ਹਰ ਪਲ ਹੜ੍ਹ ਪੀੜਤਾਂ ਦੇ ਨਾਲ ਖੜ੍ਹੀ ਮਾਨ ਸਰਕਾਰ
Punjab News : ਅਮਨ ਅਰੋੜਾ ਨੇ ਸੁਨਾਮ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 11 ਟਰੱਕ ਭੇਜੇ
Punjab News in Punjabi : ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੰਜਾਬ ਸਰਕਾਰ, ਆਮ ਲੋਕਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਰਾਹਤ ਸਮੱਗਰੀ ਭੇਜਣੀ ਲਗਾਤਾਰ ਜਾਰੀ ਹੈ। ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਹਰ ਪ੍ਰਕਾਰ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਿਹਤ ਸੇਵਾਵਾਂ ਵੱਲ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਲੋਕਾਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਦੀ ਸਾਰੀ ਮਸ਼ੀਨਰੀ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੀ ਹੈ।
Punjab News in Punjabi : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸ਼ਨੀਵਾਰ ਨੂੰ ਸੁਨਾਮ ਤੋਂ ਰਾਹਤ ਸਮੱਗਰੀ ਦੇ 11 ਟਰੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤੇ। ਇਨ੍ਹਾਂ ਟਰੱਕਾਂ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਨ ਕਿੱਟਾਂ, ਖਾਣ-ਪੀਣ ਦੀਆਂ ਵਸਤਾਂ ਅਤੇ ਜਾਨਵਰਾਂ ਲਈ ਚਾਰੇ ਸਮੇਤ ਜ਼ਰੂਰੀ ਸਮਾਨ ਸੀ।
ਓਧਰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੇ ਦੂਜੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੜ੍ਹ ਰਾਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਪਹਿਲਾ ਗੇੜ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਦੂਜੇ ਗੇੜ ਵਿੱਚ ਮੁੜ ਤੋਂ ਪ੍ਰਭਾਵਿਤ ਪਰਿਵਾਰਾਂ ਤੱਕ ਰਾਸ਼ਨ ਕਿੱਟਾਂ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਰਾਊਂਡ ਵਿੱਚ 3835 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ ਅਤੇ ਕੈਟਲ ਫੀਡ ਤਕਸੀਮ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿੱਚ ਆਏ ਲੋਕਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੱਤਣ ਪੋਸਟ, ਕਾਵਾਂ ਵਾਲੀ ਪੱਤਣ ਅਤੇ ਅੱਤੁ ਵਾਲਾ ਪੁੱਲ ਵਿਖੇ 24 ਘੰਟੇ ਲਈ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਸੈਂਪਲ ਜਾਂਚ ਲਈ ਚੰਡੀਗੜ੍ਹ ਦੀ ਲੈਬੋਰਟਰੀ ਵਿਖੇ ਭੇਜੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਹੁਣ ਤੱਕ 1500 ਮਰੀਜ਼ਾਂ ਨੂੰ ਚੈੱਕ ਕਰਕੇ ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ ਹਨ ਜਦਕਿ ਪਸ਼ੂ ਪਾਲਣ ਵਿਭਾਗ ਦੀਆਂ 14 ਟੀਮਾਂ ਵੀ ਜ਼ਿਲ੍ਹੇ ਵਿੱਚ ਕਾਰਜਸ਼ੀਲ ਹਨ।
ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਵਰਦੇ ਮੀਂਹ ਵਿੱਚ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਘੂਰਕਾ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਮੁਸੀਬਤ ਦੀ ਘੜੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਜੇਲ੍ਹ ਅਤੇ ਆਵਾਜਾਈ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਸਥਿਤੀ ਦਾ ਜਾਇਜ਼ਾ ਲਿਆ ਅਤੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ। ਭੁੱਲਰ ਨੇ ਪਿੰਡ ਕੋਟ ਬੁੱਢਾ, ਭੋਜੋਕੇ, ਝੁੱਗੀਆਂ ਪੀਰ ਬਖ਼ਸ਼, ਰਾਦਲਕੇ, ਰਾਮ ਸਿੰਘ ਵਾਲਾ, ਸਭਰਾ ਅਤੇ ਰਸੂਲਪੁਰ ਸਮੇਤ ਧੁੱਸੀ ਬੰਨ੍ਹ ਨਾਲ ਲੱਗਦੇ ਕਈ ਪਿੰਡਾਂ ਵਿੱਚ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਖਾਣ-ਪੀਣ ਦੀਆਂ ਲੋੜੀਂਦੀਆਂ ਵਸਤੂਆਂ ਅਤੇ ਪਸ਼ੂਆਂ ਲਈ ਚਾਰਾ, ਫੀਡ ਤੇ ਚੋਕਰ ਵੰਡਿਆ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੋਈ ਵੀ ਪਰਿਵਾਰ ਰਾਸ਼ਨ ਤੋਂ ਬਿਨਾਂ ਨਹੀਂ ਰਹੇਗਾ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਾ. ਬਲਬੀਰ ਸਿੰਘ ਵੱਲੋਂ ਭੋਆ ਦੇ ਬਮਿਆਲ ਖੇਤਰ ਅਤੇ ਨਰੋਟ ਜੈਮਲ ਸਿੰਘ ਦੇ ਹੜ੍ਹ ਪ੍ਰਭਾਵਿਤ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਰਾਵੀ ਦਾ ਵੀ ਜਾਇਜ਼ਾ ਲਿਆ ਗਿਆ। ਇਨ੍ਹਾਂ ਵਿੱਚ ਨਰੋਟ ਜੈਮਲ ਸਿੰਘ, ਜੈਦਪੁਰ, ਬਮਿਆਲ, ਭਗਵਾਲ, ਕੋਹਲੀਆਂ ਅੱਡਾ ਆਦਿ ਸ਼ਾਮਿਲ ਸਨ। ਇਸ ਮੌਕੇ ਸਰਨਾ ਤੋਂ ਵੱਖ ਵੱਖ ਖੇਤਰਾਂ ਲਈ ਰਾਸ਼ਨ ਦੀਆਂ ਭਰੀਆਂ ਗੱਡੀਆਂ ਵੀ ਰਵਾਨਾ ਕੀਤੀਆਂ ਗਈਆਂ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਰੀਬ 27 ਮੈਡੀਕਲ ਕੈਂਪ ਹਰ ਰੋਜ਼ ਲਗਾਏ ਜਾ ਰਹੇ ਹਨ ਅਤੇ ਕਰੀਬ 500-600 ਲੋਕ ਰੋਜ਼ ਇਨ੍ਹਾਂ ਮੈਡੀਕਲ ਕੈਂਪਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ।
(For more news apart from From relief materials health services - Mann government stands with flood victims at every moment News in Punjabi, stay tuned to Rozana Spokesman)