ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ‘ਐਂਟਰਪ੍ਰੀਨਿਓਰਸ਼ਿਪ’ ਨਵਾਂ ਲਾਜ਼ਮੀ ਵਿਸ਼ਾ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

11ਵੀਂ ਤੇ 12ਵੀਂ ਜਮਾਤ ’ਚ ਪੰਜਵੇਂ ਲਾਜ਼ਮੀ ਵਿਸ਼ੇ ਵਜੋਂ ਹੋਵੇਗਾ ਲਾਗੂ

Punjab School Education Board adds ‘Entrepreneurship’ as new compulsory subject

Punjab School Education Board news : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਸੀਨੀਅਰ ਸੈਕੰਡਰੀ ਪੱਧਰ (11ਵੀਂ ਅਤੇ 12ਵੀਂ ਜਮਾਤ) ਦੀ ਪੜ੍ਹਾਈ ਵਿਚ ‘ਐਂਟਰਪ੍ਰੀਨਿਓਰਸ਼ਿਪ’ (ਉੱਦਮਤਾ) ਨਾਂ ਦਾ ਇੱਕ ਨਵਾਂ ਅਤੇ ਲਾਜ਼ਮੀ ਵਿਸ਼ਾ ਸ਼ਾਮਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਅਕਾਦਮਿਕ ਕੌਂਸਲ ਵੱਲੋਂ ਲਿਆ ਗਿਆ ਹੈ ਅਤੇ ਇਹ ਵਿਸ਼ਾ ਅਕਾਦਮਿਕ ਸੈਸ਼ਨ 2025-26 ਤੋਂ 11ਵੀਂ ਜਮਾਤ ਵਿਚ ਪੰਜਵੇਂ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤਾ ਜਾਵੇਗਾ।

ਇਹ ਵਿਸ਼ਾ ਇਕ ‘ਗ੍ਰੇਡਿੰਗ ਵਿਸ਼ਾ’ ਹੋਵੇਗਾ। ਇਸ ਦੀ ਪ੍ਰੀਖਿਆ ਅਤੇ ਮੁਲਾਂਕਣ ਸਕੂਲ ਪੱਧਰ ’ਤੇ ਹੀ ਹੋਵੇਗਾ ਅਤੇ ਵਿਦਿਆਰਥੀਆਂ ਦੇ ਪ੍ਰਾਪਤ ਅੰਕ ਅਤੇ ਗ੍ਰੇਡ ਉਨ੍ਹਾਂ ਦੀ ਡੀਐੱਮਸੀ ਵਿਚ ਦਰਸਾਏ ਜਾਣਗੇ। ਇਸ ਵਿਸ਼ੇ ਦੇ ਕੁੱਲ 50 ਅੰਕ ਹੋਣਗੇ, ਜਿਸ ਵਿਚੋਂ ਥਿਊਰੀ ਲਈ 10 ਅੰਕ ਅਤੇ ਪ੍ਰੈਕਟੀਕਲ ਲਈ 40 ਅੰਕ ਨਿਰਧਾਰਿਤ ਕੀਤੇ ਗਏ ਹਨ। ਇਸ ਵਿਸ਼ੇ ਲਈ ਹਰ ਮਹੀਨੇ ਦੋ ਪੀਰੀਅਡ ਲਾਏ ਜਾਣਗੇ, ਜੋ ਕਿ ‘ਵਾਤਾਵਰਨ ਅਧਿਐਨ’ ਵਿਸ਼ੇ ਦੇ ਮੌਜੂਦਾ ਪੀਰੀਅਡਾਂ ਵਿਚੋਂ ਹੀ ਲਏ ਜਾਣਗੇ। ਇਸ ਦਾ ਪਾਠਕ੍ਰਮ ਅਤੇ ਸਾਰਥਕ ਸਮੱਗਰੀ ਜਲਦੀ ਹੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀ ਜਾਵੇਗੀ। ਇਸ ਫ਼ੈਸਲੇ ਨਾਲ ਬੋਰਡ ਵੱਲੋਂ ਵਿਦਿਆਰਥੀਆਂ ਵਿਚ ਉੱਦਮੀ ਸੋਚ ਅਤੇ ਹੁਨਰ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।