ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਈ ਕਾਹਨ ਸਿੰਘ ਨਾਭਾ ਦੇ ਲਿਟਰੇਚਰ ਕੀਤੀ ਗਈ ਬੇਅਦਬੀ
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਸਮੇਤ ਵੱਖ-ਵੱਖ ਸਖਸ਼ੀਅਤਾਂ ਵੱਲੋਂ ਕੀਤੀ ਗਈ ਨਿੰਦਾ
ਪਟਿਆਲਾ : ਮਹਾਨ ਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦਾ 164ਵਾਂ ਜਨਮ ਦਿਨ ਨਾਭਾ ਵਿਖੇ ਮਨਾਇਆ ਗਿਆ। ਇਸ ਮੌਕੇ ਨਾਭਾ ਦੇ ਰੋਹਟੀ ਪੁਲਾਂ ’ਤੇ ਸਥਿਤ ਭਾਈ ਕਾਹਨ ਸਿੰਘ ਨਾਭਾ ਦੇ ਬੁੱਤ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤੇ ਮੇਜਰ ਏ ਪੀ ਸਿੰਘ, ਭਾਈ ਕਾਹਨ ਸਿੰਘ ਰਚਨਾ ਵਿਚਾਰ ਨਾਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਸਮੇਤ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਭਾਈ ਕਾਹਨ ਸਿੰਘ ਨਾਭਾ ਵੱਲੋਂ ਲਿਖਿਆ ਗਿਆ ਮਹਾਨ ਕੋਸ਼ ਦੁਨੀਆ ਦਾ ਇਕੋ-ਇਕੋ ਮਹਾਨ ਕੋਸ਼ ਹੈ। ਇਸ ਮਹਾਨ ਕੋਸ਼ ’ਚ ਦੁਨੀਆ ਦੇ ਹਰ ਸ਼ਬਦ ਦਾ ਅਰਥ ਮੌਜੂਦ ਹਨ, ਜਿਸ ਕਰਕੇ ਇਸ ਦੀ ਮਹਾਨਤਾ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੋ ਭਾਈ ਕਾਹਨ ਸਿੰਘ ਨਾਭਾ ਨੇ ਸਿੱਖ ਸਮਾਜ ਲਈ, ਪੰਜਾਬੀ ਸੱਭਿਆਚਾਰ, ਪੰਜਾਬੀ ਜ਼ੁਬਾਨ ਲਈ ਕੀਤਾ ਇਸ ਦੀ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਈ ਕਾਹਨ ਸਿੰਘ ਨਾਭਾ ਦੇ ਲਿਟਰੇਚਰ ਕੀਤੀ ਗਈ ਬੇਅਦਬੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਕੁੱਝ ਵੀ ਕੀਤਾ ਗਿਆ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮਹਾਨ ਕੋਸ਼ ਨਾਲ ਛੇੜਛਾੜ ਕਰਨਾ ਬਹੁਤ ਵੱਡਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਦੀ ਛਪਾਈ ਦੌਰਾਨ ਗਲਤੀ ਹੋ ਗਈ ਸੀ ਤਾਂ ਉਨ੍ਹਾਂ ਨੂੰ ਇਸ ਦੀ ਇਸ ਤਰ੍ਹਾਂ ਬੇਅਦਬੀ ਨਹੀਂ ਕਰਨੀ ਚਾਹੀਦੀ ਸੀ। ਬਲਕਿ ਇਸ ਮਹਾਨ ਲਿਟਰੇਚਰ ਨੂੰ ਸਿੱਖ ਮਰਿਆਦਾ ਅਨੁਸਾਰ ਅਗਨ ਭੇਂਟ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਬੇਅਦਬੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਤਰ੍ਹਾਂ ਭਾਈ ਕਾਹਨ ਸਿੰਘ ਰਚਨਾ ਵਿਚਾਰ ਨਾਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਹੋਰਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਪਰੀ ਘਟਨਾ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਬੇਸ਼ੱਕ ਵਾਈਸ ਚਾਂਸਲਰ ਕਹੀ ਜਾਣ ਕਿ ਇਹ ਸਭ ਕੁੱਝ ਗਲਤੀ ਨਾਲ ਹੋਇਆ ਹੈ, ਪਰ ਸਾਨੂੰ ਇਹ ਲਗਦਾ ਹੈ ਕਿ ਇਹ ਕੋਈ ਗਲਤੀ ਨਹੀਂ ਬਲਕਿ ਇਹ ਸਭ ਕੁਝ ਕਿਸੇ ਸਾਜਿਸ਼ ਅਧੀਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਸਵਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਇਸ ਵਿਚ 36000 ਗਲ਼ਤੀਆਂ ਕਿਵੇਂ ਹੋਈਆਂ। ਇਸ ਦੀ ਪਰੂਡ ਰੀਡਿੰਗ ਕਿਸ ਨੇ ਕੀਤੀ ਅਤੇ ਇਹ ਗਲਤੀਆਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਇਸ ਬੇਅਦਬੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਤੇ ਜਿੰਨਾ ਚਿਰ ਇਸ ਗਲਤੀ ਲਈ ਜ਼ਿੰਮੇਵਾਰ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਅਸੀਂ ਉਨੀ ਦੇਰ ਚੁੱਪ ਨਹੀਂ ਬੈਠਾਂਗੇ।
ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤੇ ਮੇਜਰ ਏਪੀ ਸਿੰਘ ਨੇ ਦੱਸਿਆ ਕਿ ਭਾਈ ਕਾਹਨ ਸਿੰਘ ਨਾਭਾ ਦਾ ਜਨਮ 1861 ਵਿਚ ਹੋਇਆ ਸੀ। ਉਹ ਸਿੱਖਿਆ ਹਾਸਲ ਕਰਨ ਲਈ ਕਿਸੇ ਸਕੂਲ ਜਾਂ ਕਾਲਜ ਵਿਚ ਨਹੀਂ ਗਏ ਸਨ। ਉਨ੍ਹਾਂ ਸਾਰੀ ਸਿੱਖਿਆ ਆਪਣਾ ਪਿਤਾ ਬਾਬਾ ਨਰਾਇਣ ਸਿੰਘ ਕੋਲੋਂ, ਪੰਡਤਾਂ ਜਾਂ ਮੌਲਵੀਆਂ ਤੋਂ ਪ੍ਰਾਪਤ ਕੀਤੀ ਸੀ। ਉਹ ਨਾਭਾ ਰਿਆਸਤ ਕਾਫ਼ੀ ਵੱਡੇ-ਵੱਡੇ ਅਹੁਦਿਆਂ ’ਤੇ ਤਾਇਨਾਤ ਵੀ ਰਹੇ ਜਿਵੇਂ ਨਾਭਾ ਰਿਆਸਤ ਦੇ ਨਾਜ਼ਮ ਵੀ ਰਹੇ, ਫੌਰਨ ਮਨਿਸਟਰ ਰਹੇ, ਹਾਈ ਕੋਰਟ ਦੇ ਜੱਜ ਵੀ ਰਹੇ। ਇਸ ਤੋਂ ਇਲਾਵਾ ਭਾਈ ਕਾਹਨ ਸਿੰਘ ਨਾਭਾ ਮਹਾਰਾਜਾ ਰਿਪੁਦਮਨ ਸਿੰਘ ਦੇ ਟਿਊਟਰ ਵੀ ਰਹੇ। ਉਨ੍ਹਾਂ ਪੰਜਾਬੀ ਪਟਿਆਲਾ ਯੂਨੀਵਰਸਿਟੀ ਵਿਖੇ ਵਾਪਰੀ ਘਟਨਾ ’ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਜਿਵੇਂ ਹੁਣ ਮਹਾਨ ਲਿਟਰੇਚਰ ਨੂੰ ਸਸਕਾਰ ਕਰਨ ਲਈ ਗੋਇੰਦਵਾਲ ਸਾਹਿਬ ਲਿਜਾਇਆ ਜਾ ਰਿਹਾ ਹੈ, ਉਹ ਪਹਿਲਾਂ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਉਂ ਹੋਇਆ ਅਤੇ ਕਿਵੇਂ ਇਹ ਸਭ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਸਿੱਖ ਹਿਸਟੋਰੀਅਨ ਸਿਮਰ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਕਾਹਨ ਸਿੰਘ ਨਾਭਾ ਸਿੱਖ ਇਤਿਹਾਸ ਦੀ ਸਿਰਮੌਰ ਹਸਤੀ ਸਨ। ਉਨ੍ਹਾਂ ਨੂੰ ਪੰਥ ਦਾ ਰਤਨ ਵੀ ਖਿਤਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਭਾਈ ਸਾਹਿਬ ਵੱਲੋਂ ਰਚੇ ਗਏ ਮਹਾਨ ਕੋਸ਼ ਵਿਚ ਹਰ ਇਕ ਚੀਜ਼ ਦਾ ਵਰਨਣ ਮਿਲਦਾ ਹੈ ਅਤੇ ਮਹਾਨ ਕੋਸ਼ ਨੂੰ ਸਿੱਖ ਇਤਿਹਾਸ ਦੀ ਪਹਿਲੀ ਪੂੰਜੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ਗਲਤ ਮਹਾਨ ਕੋਸ਼ ’ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ ਅਤੇ ਉਨ੍ਹਾਂ ਵੱਲੋਂ ਇਸ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ ਇਸ ਨੂੰ ਖਤਮ ਕਰਨ ਲਈ ਪੰਜਾਬੀ ਯੂਨੀਵਰਸਿਟੀ ਨੇ ਜੋ ਕਦਮ ਚੁੱਕਿਆ ਹੈ ਉਹ ਬਹੁਤ ਗਲਤ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਧ ਹੋ ਜਾਂਦੇ ਹਨ ਉਨ੍ਹਾਂ ਨੂੰ ਸਿੱਖ ਮਰਿਆਦਾ ਅਨੁਸਾਰ ਅਰਦਾਸ ਕਰਨ ਤੋਂ ਅਗਨ ਭੇਂਟ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਵੱਲੋਂ ਵੀ ਭਾਈ ਕਾਹਨ ਸਿੰਘ ਨਾਭਾ ਨਾਲ ਸਬੰਧਤ ਲਿਟਰੇਚਰ ਨੂੰ ਅਗਨ ਭੇਂਟ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੇ ਘਟਨਾ ਮੁੜ ਤੋਂ ਨਾ ਵਾਪਰ ਸਕੇ।