ਬਾਦਲ ਕੋਲ ਚੌਟਾਲਾ ਪ੍ਰਵਾਰ ਨਾਲ ਜਨਮ ਦਿਨ ਮਨਾਉਣ ਦਾ ਸਮਾਂ ਤਾਂ ਹੈ ਪਰ ਕਿਸਾਨਾਂ ਵਾਸਤੇ ਸਮਾਂ ਨਹੀਂ:

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਕੋਲ ਚੌਟਾਲਾ ਪ੍ਰਵਾਰ ਨਾਲ ਜਨਮ ਦਿਨ ਮਨਾਉਣ ਦਾ ਸਮਾਂ ਤਾਂ ਹੈ ਪਰ ਕਿਸਾਨਾਂ ਵਾਸਤੇ ਸਮਾਂ ਨਹੀਂ: ਚੱਠਾ

image

ਸੰਗਰੂਰ, 29 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਚ ਕਿਸਾਨਾਂ ਦੀਆਂ ਵੋਟਾਂ ਬਟੋਰ ਕੇ ਸੂਬੇ ਅੰਦਰ ਲੰਮਾ ਸਮਾਂ ਰਾਜ ਕਰਦੇ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਚਲਦੇ ਕਿਸਾਨੀ ਸੰਘਰਸ਼ ਦੇ ਇਕ ਸਾਲ ਪੂਰੇ ਹੋਣ ’ਤੇ ਕਿਸਾਨ ਯੂਨੀਅਨ ਸੰਯੁਕਤ ਵਲੋਂ 27 ਸਤੰਬਰ ਦੇ ਬੰਦ ਦੇ ਸੱਦੇ ਦੀ ਕਾਮਯਾਬੀ, ਲਾਮਬੰਦੀ ਅਤੇ ਮਜ਼ਬੂਤੀ ਲਈ ਕੋਈ ਦਿਲਚਸਪੀ ਨਹੀਂ ਲਈ ਪਰ ਜੀਂਦ ਵਿਖੇ ਚੌਟਾਲਾ ਪ੍ਰਵਾਰ ਦੇ ਇੰਡੀਅਨ ਨੈਸ਼ਨਲ ਲੋਕ ਦਲ ਵਲੋਂ ਚੌਧਰੀ ਦੇਵੀ ਲਾਲ ਦੇ 108ਵੇਂ ਜਨਮ ਦਿਨ ’ਤੇ ਪਹੁੰਚਣ ਲਈ ਪੰਜਾਬ ਅਤੇ ਹਰਿਆਣਾ ਵਿਚ ਕਈ ਕਈ ਦਿਨ ਲੋਕਾਂ ਨੂੰ ਲਾਮਬੰਦ ਕਰਦੇ ਰਹੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਆਮ ਆਦਮੀ ਪਾਰਟੀ ਦੇ ‘ਪੰਜਾਬ ਵਪਾਰ ਮੰਡਲ ਦੇ ਜੁਆਇੰਟ ਸਕੱਤਰ’ ਸ. ਸਤਿੰਦਰ ਸਿੰਘ ਚੱਠਾ ਵਿਧਾਨ ਸਭਾ ਹਲਕਾ ਧੂਰੀ ਨੇ ਸਬ ਦਫ਼ਤਰ ਸੰਗਰੂਰ ਵਿਖੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਅੰਦਰ ਚਲਦੇ ਕਿਸਾਨੀ ਸੰਘਰਸ਼ ਵਿਰੁਧ ਕਿਸੇ ਗਿਣੀ ਮਿਥੀ ਸਾਜ਼ਸ਼ ਅਧੀਨ ਜਾਣ ਬੁੱਝ ਕੇ ਟਕਰਾਅ ਵਾਲਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਕ ਵਾਰ ਤੋੜ ਵਿਛੋੜਾ ਕਰ ਦਿਤੇ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵਲੋਂ ਜੀਂਦ ਰੈਲੀ ਤੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨਾਲ ਸਟੇਜ ਸਾਂਝੀ ਕਰਨੀ ਵੀ ਰਾਜਨੀਤਕ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। 
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਖ਼ੁਸ਼ ਕਰਨ ਐਸ.ੳ.ਆਈ ਦਾ ਸਹਾਰਾ ਲੈਕੇ ਕਿਸਾਨਾ ਨਾਲ ਪੰਘਾ ਤਾਂ ਲੈ ਲਿਆ ਹੈ ਜੋ ਕਿ ਅਕਾਲੀ ਦਲ ਨੂੰ ਕਿੰਨਾ ਮਹਿੰਗਾ ਪਵੇਗਾ ਇਸ ਨੂੰ ਇਲਮ ਨਹੀਂ । ਅਕਾਲੀ ਦਲ ਅਪਣੇ ਵਜੂਦ ਨੂੰ ਬਚਾਉਣ ਦੀ ਲੜਾਈ ਅਤੇ ਰਾਜਨੀਤੀ ਵਿਚ ਮੁੜ ਇੱਜ਼ਤ ਬਹਾਲੀ ਲਈ ਜਦੋਜਹਿਦ ਕਰ ਰਿਹਾ ਹੈ ਪਰ ਸੂਬੇ ਦੇ ਲੋਕ ਇਸ ਪਾਰਟੀ ਦੀਆਂ ਲੋਕ ਮਾਰੂ ਨੀਤੀਆ ਤੋਂ ਕਿਨਾਰਾਕਸ਼ੀ ਵੀ ਕਰ ਚੁੱਕੇ ਹਨ ਤੇ ਪਾਰਟੀ ਨੂੰ ਸਦਾ ਲਈ ਅਲਵਿਦਾ ਵੀ ਕਹਿ ਚੁੱਕੇ ਹਨ ਪਰ ਇਸ ਨਕਾਰੀ ਹੋਈ ਪਾਰਟੀ ਦੇ ਆਗੂ ਲੋਕਾਂ ਤੋਂ ਢੀਠਾਂ ਵਾਂਗ ਮੁੜ ਮੁੜ ਵੋਟਾਂ ਦੀ ਖ਼ੈਰਾਤ ਮੰਗ ਰਹੇ ਹਨ।