ਪੰਜਾਬ ਨੂੰ ਲੈ ਕੇ ਕਾਂਗਰਸ ਹਾਈਕਮਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਨੂੰ ਲੈ ਕੇ ਕਾਂਗਰਸ ਹਾਈਕਮਾਨ

image

ਨਵੀਂ ਦਿੱਲੀ, 29 ਸਤੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਦੇਣ ਨਾਲ ਜੁੜੇ ਘਟਨਾਕ੍ਰਮ ਤੋਂ ਪਾਰਟੀ ਹਾਈਕਮਾਨ ਨਾਰਾਜ਼ ਹੈ। ਹਾਲਾਂਕਿ ਸਿੱਧੂ ਦੇ ਅਸਤੀਫ਼ੇ ’ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਪਾਰਟੀ ਸੂਤਰਾਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਦੂਜੇ ਪਾਸੇ, ਪਾਰਟੀ ਦੀ ਬੁਲਾਰਾ ਸੁਪਿ੍ਰਆ ਸਰੀਨੇਤ ਨੇ ਸਮੁੱਚੇ ਘਟਨਾਕ੍ਰਮ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਸਿਰਫ਼ ਇਹ ਕਿਹਾ ਕਿ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਇਸ ਮਾਮਲੇ ’ਤੇ ਜਵਾਬ ਦੇਣਗੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, “ਮੈਂ ਹਰੀਸ਼ ਰਾਵਤ ਜੀ ਨਾਲ ਗੱਲ ਕੀਤੀ ਹੈ। ਉਹ ਸਾਰੀ ਸਥਿਤੀ ਤੋਂ ਜਾਣੂ ਹਨ। ਉਹ ਤੁਹਾਡੇ ਲੋਕਾਂ (ਮੀਡੀਆ) ਦੇ ਸਵਾਲਾਂ ਦੇ ਜਵਾਬ ਦੇਣਗੇ। ”
ਸੁਪ੍ਰੀਆ ਸ੍ਰੀਨੇਤ ਨੇ ਇਕ ਨਿਊਜ਼ ਚੈਨਲ ਦੇ ਐਂਕਰ ਦੁਆਰਾ ਰਾਹੁਲ ਗਾਂਧੀ ਦੇ ਹਵਾਲੇ ਨਾਲ ਕੀਤੀ ਕਥਿਤ ਵਿਵਾਦਤ ਟਿਪਣੀ ਦੀ ਗੱਲ ਕੀਤੀ ਅਤੇ ਇਸ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਬੰਧਤ ਪੱਤਰਕਾਰ ਜਥੇਬੰਦੀਆਂ ਨੂੰ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ। ਮਹਿਲਾ ਐਂਕਰ ਨੇ ਇਸ ਮਾਮਲੇ ’ਚ ਮੁਆਫ਼ੀ ਮੰਗੀ ਹੈ। ਪੰਜਾਬ ਦੇ ਘਟਨਾਕ੍ਰਮ ਬਾਰੇ ਹਰੀਸ਼ ਰਾਵਤ ਨਾਲ ਇਸ ਮਾਮਲੇ ’ਤੇ ਟਿਪਣੀ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਕਾਂਗਰਸ ਦੇ ਇਕ ਸੂਤਰ ਨੇ ਕਿਹਾ, “ਹਾਈਕਮਾਨ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਵਿਚ ਸ਼ੁਰੂ ਹੋਏ ਘਮਾਸਾਨ ਤੋਂ ਨਾਰਾਜ਼ ਹੈ। ਬੇਸ਼ੱਕ ਪਾਰਟੀ ਲੀਡਰਸ਼ਿਪ ਵਲੋਂ ਸਿੱਧੂ ਦੇ ਅਸਤੀਫ਼ੇ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।’’     (ਏਜੰਸੀ)