ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ’ਤੇ ਬਾਬਾ ਬਕਾਲਾ ਸਾਹਿਬ ਤੋਂ ਕਰਤਾਰਪੁਰ ਤਕ ਨਗਰ ਕੀਰਤਨ ਸਜਾਇਆ

ਏਜੰਸੀ

ਖ਼ਬਰਾਂ, ਪੰਜਾਬ

ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ’ਤੇ ਬਾਬਾ ਬਕਾਲਾ ਸਾਹਿਬ ਤੋਂ ਕਰਤਾਰਪੁਰ ਤਕ ਨਗਰ ਕੀਰਤਨ ਸਜਾਇਆ

image

ਅੰਮ੍ਰਿਤਸਰ, 29 ਸਤੰਬਰ (ਸੁਰਜੀਤ ਸਿੰਘ ਖ਼ਾਲਸਾ) : ਅੱਜ ਸਥਾਨਕ ਇਤਿਹਾਸਕ ਗੁਰਦੁਆਰਾ 9ਵੀਂ ਪਾਤਸ਼ਾਹੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਸਮੇਤ ਇਲਾਕਾ ਬਾਬਾ ਬਕਾਲਾ ਸਾਹਿਬ ਦੀਆਂ ਸਮੂਹ ਧਾਰਮਕ ਅਤੇ ਸਵੈ-ਸੇਵੀ ਜਥੇਬੰਦੀਆਂ ਵਲੋਂ ਧੰਨ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਤ ਨਗਰ ਕੀਰਤਨ ਆਰੰਭ ਹੋਇਆ। 
ਇਹ ਨਗਰ ਕੀਰਤਨ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਆਰੰਭ ਹੋ ਕੇ ਵਾਇਆ ਬਿਆਸ, ਅੱਡਾ ਢਿੱਲਵਾਂ, ਰਮੀਦੀ, ਸੁਭਾਨਪੁਰ, ਹਮੀਰਾ ਅਤੇ ਦਿਆਲਪੁਰ ਹੁੰਦਾ ਹੋਇਆ ਇਤਿਹਾਸਕ ਨਗਰ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਵਿਖੇ ਸੰਪਨ ਹੋਵੇਗਾ। 
ਅੱਜ ਸਵੇਰੇ ਗੁਰਬਾਣੀ ਦੇ ਆਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਹਾਲ ਵਿਚ ਗਿਆਨੀ ਕੇਵਲ ਸਿੰਘ ਵਲੋਂ ਕੀਤੀ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਗੁਰੂ  ਗ੍ਰੰਥ ਸਾਹਿਬ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿਚ ਸੁਸ਼ੋਭਿਤ ਕਰ ਕੇ ਪੰਜ ਨਿਸ਼ਾਨਚੀਆਂ ਅਤੇ ਤਿਆਰ ਬਰ ਤਿਆਰ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਨੇ ਕਰਤਾਰਪੁਰ (ਜਲੰਧਰ) ਵਲ ਨੂੰ ਚਾਲੇ ਪਾਏ। ਨਗਰ ਕੀਰਤਨ ਦੇ ਨਾਲ ਸਿੱਖ ਬੈਂਡ ਅਤੇ ਸਕੂਲੀ ਬੱਚਿਆਂ ਦੇ ਬੈਂਡ ਗੁਰਬਾਣੀ ਦੀਆਂ ਮਧੁਰ ਧੁਨਾਂ ਵਜਾ ਰਹੇ ਸਨ ਅਤੇ ਛੋਟੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਇਸ ਦੇ ਪਿੱਛੇ ਪਿੱਛੇ ਸੰਗਤਾਂ ਆਪੋ ਅਪਣੇ ਵਾਹਨਾਂ ਵਿਚ ਗੁਰਬਾਣੀ ਸਬਦ ਗਾਇਨ ਕਰਦਿਆਂ ਚਲ ਰਹੀਆਂ ਸਨ। ਸੇਵਾਦਾਰ ਨਗਰ ਕੀਰਤਨ ਵਿਚ ਪਾਲਕੀ, ਫੁੱਲਾਂ ਅਤੇ ਗੁਲਾਬ ਜਲ ਦੀ ਵਰਖਾ, ਸੰਗਤਾਂ ਦੇ ਅਨੁਸ਼ਾਸਨ, ਟ੍ਰੈਫਿਕ ਪ੍ਰਬੰਧਾਂ, ਲੰਗਰ, ਜੂਠੇ ਬਰਤਨਾਂ ਦੀ ਸਾਂਭ ਸੰਭਾਲ ਅਤੇ ਵਾਹਨਾਂ ਦੀ ਪਾਰਕਿੰਗ ਬਾਰੇ ਸੇਵਾਵਾਂ ਸੰਭਾਲ ਕਰ ਰਹੇ ਸਨ। ਚੇਤੇ ਰਹੇ ਕਿ ਕਰੋਨਾ ਪ੍ਰਕੋਪ ਕਾਰਨ ਇਹ ਨਗਰ ਕੀਰਤਨ ਪਿਛਲੇ ਦੋ ਸਾਲਾਂ ਤੋਂ ਨਹੀਂ ਸਜਾਇਆ ਜਾ ਸਕਿਆ ਅਤੇ ਪਰ ਇਸ ਵਾਰ ਸੰਗਤਾਂ ਵਿਚ ਨਗਰ ਕੀਰਤਨ ਵਿੱਚ ਸਾਮਲ ਹੋਣ ਲਈ ਅਥਾਹ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।