CM ਚੰਨੀ ਦੱਸਣ ਲੋਟੂ ਬਿਜਲੀ ਸਮਝੌਤੇ ਕਦੋਂ ਰੱਦ ਕਰਨਗੇ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਜਲੀ ਸਮਝੌਤਿਆਂ ਨੂੰ ਲੈ ਕੇ 'ਆਪ' ਨੇ ਚੰਨੀ ਸਮੇਤ ਸਿੱਧੂ, ਰੰਧਾਵਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਘੇਰਿਆ

Harpal Singh Cheema

 

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਟੁੱਕ ਪੁੱਛਿਆ ਕਿ ਪੰਜਾਬ ਦੇ ਖ਼ਜ਼ਾਨੇ ਅਤੇ ਹਰੇਕ ਬਿਜਲੀ ਖਪਤਕਾਰ ਨੂੰ ਚੂਸ ਰਹੀਆਂ ਨਿੱਜੀ ਕੰਪਨੀਆਂ ਨਾਲ ਕੀਤੇ ਮਹਿੰਗੇ ਅਤੇ ਇੱਕਪਾਸੜ ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏਜ਼) ਕਦੋਂ ਰੱਦ ਕੀਤੇ ਜਾਣਗੇ? ਕਿਉਂਕਿ ਇਸ ਕਾਰਵਾਈ ਲਈ ਵਿਧਾਨ ਸਭਾ ਦੇ ਬਾਕੀ ਬਚਦੇ ਮਾਨਸੂਨ ਇਜਲਾਸ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ।

 

ਵੀਰਵਾਰ ਨੂੰ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਵੱਲੋਂ 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਪੁਰਾਣੇ ਬਕਾਏ ਮੁਆਫ਼ ਕਰਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਲਈ ਆਮ ਆਦਮੀ ਪਾਰਟੀ ਨੇ ਬਿਜਲੀ ਅੰਦੋਲਨ ਤਹਿਤ ਸਾਲਾਂਬੱਧੀ ਲੜਾਈ ਲੜੀ ਹੈ ਅਤੇ ਕਾਂਗਰਸ ਨੂੰ ਮਜਬੂਰ ਕੀਤਾ ਹੈ। ਚੀਮਾ ਨੇ ਕਿਹਾ ਕਿ ਬੇਤਹਰ ਹੁੰਦਾ 1200 ਕਰੋੜ ਰੁਪਏ ਦਾ ਇਹ ਭਾਰ ਪੰਜਾਬ ਦੇ ਖ਼ਜ਼ਾਨੇ ਅਰਥਾਤ ਲੋਕਾਂ ਉਤੇ ਹੀ ਪਾਉਣ ਦੀ ਥਾਂ ਨਿੱਜੀ ਬਿਜਲੀ ਮਾਫ਼ੀਆ ਵੱਲੋਂ ਮਚਾਈ ਜਾ ਰਹੀ ਅੰਨੀ ਲੁੱਟ ਰੋਕਣ ਲਈ ਚੰਨੀ ਸਰਕਾਰ ਪੀਪੀਏਜ਼ ਰੱਦ ਕਰਨ ਦਾ ਕਦਮ ਚੁਕਦੀ ਅਤੇ ਲੁਟੇ ਹੋਏ ਅਰਬਾਂ ਰੁਪਏ ਦੀ ਵਸੂਲੀ ਕਰਦੀ।

 

 

ਚੀਮਾ ਨੇ ਮੰਗ ਕੀਤੀ ਕਿ ਬਿਜਲੀ ਸਮਝੌਤਿਆਂ ਬਾਰੇ ਜਿਹੜੇ ਵਾਇਟ ਪੇਪਰ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਲਹਿਰਾ ਕੇ ਮੁੱੜ ਜੇਬ ਵਿੱਚ ਪਾ ਲਏ ਸਨ, ਚੰਨੀ ਸਰਕਾਰ ਉਸ ਨੂੰ ਤੁਰੰਤ ਜਨਤਕ ਕਰੇ। ਨਵਜੋਤ ਸਿੰਘ ਸਿੱਧੂ ਨੂੰ ਘੇਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾ ਦੀ ਵਾਂਗਡੋਰ ਹੱਥ 'ਚ ਆਉਂਦੇ ਹੀ ਤੁਰੰਤ ਬਿਜਲੀ ਸਮਝੌਤੇ ਰੱਦ ਕਰਨ ਦੀਆਂ ਡੀਂਗਾਂ ਮਾਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਜਦ ਅਜਿਹਾ ਕਰ ਦਿਖਾਉਣ ਦਾ ਦੂਜਾ ਮੌਕਾ ਮਿਲਿਆ ਤਾਂ ਸਿੱਧੂ ਆਪਣੀ ਆਦਤ ਅਨੁਸਾਰ ਰੁੱਸ ਕੇ ਬੈਠ ਗਏ। ਇਸ ਤੋਂ ਪਹਿਲਾ ਬਿਜਲੀ ਮੰਤਰੀ ਵਜੋਂ ਇਹ ਮੌਕਾ ਮਿਲਿਆ ਸੀ, ਉਦੋਂ ਵੀ ਨਵਜੋਤ ਸਿੱਧੂ ਰੁੱਸ ਗਏ ਸਨ। ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਗੈਰ- ਗੰਭੀਰ ਅਤੇ ਜ਼ਿੰਮੇਦਾਰੀਆਂ ਤੋਂ ਭੱਜਣ ਵਾਲਾ ਕਿਰਦਾਰ ਕਰਾਰ ਦਿੱਤਾ।

 

 

 

ਹਰਪਾਲ ਸਿੰਘ ਚੀਮਾ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਬੇਵਸੀ ਦਾ ਦਿਖਾਵਾ ਕਰਨ ਵਾਲੇ ਇਹ ਸੱਤਾਧਾਰੀ ਹੁਣ ਬਿਜਲੀ ਸਮਝੌਤੇ ਰੱਦ ਕਰਨ ਲਈ ਕੋਈ ਕਦਮ ਕਿਉਂ ਨਹੀਂ ਚੁੱਕ ਰਹੇ, ਜਦਕਿ ਵਿਧਾਨ ਸਭਾ 'ਚ ਰਾਣਾ ਗੁਰਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਨਿੱਜੀ ਬਿਜਲੀ ਕੰਪਨੀਆਂ ਵੱਲੋਂ ਕੀਤੀ ਜਾਂਦੀ ਅੰਨੀ ਲੁੱਟ ਦੀ ਖ਼ੁਦ ਪੁਸ਼ਟੀ ਕੀਤੀ ਸੀ। ਚੀਮਾ ਨੇ ਕਿਹਾ ਕਿ ਕੁਰਸੀ ਦੀ ਲੜਾਈ 'ਚ ਕਾਂਗਰਸੀਆਂ ਨੇ ਪੰਜਾਬ ਦੇ ਲੋਕਾਂ ਨੂੰ ਸੂਲੀ 'ਤੇ ਟੰਗ ਰੱਖਿਆ ਹੈ।