ਪਿੰਡ ਬਾਜੇਵਾਲਾ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਕਿਸਾਨ ਦੇ ਸਿਰ ਸੀ 13 ਲੱਖ ਤੋਂ ਵੱਧ ਦਾ ਕਰਜ਼ਾ
ਸਰਦੂਲਗੜ੍ਹ : ਇਥੋਂ ਦੇ ਪਿੰਡ ਬਾਜੇਵਾਲਾ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਚੰਦ ਸਿੰਘ ਵਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਤਨੀ ਕਿਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਪਿਛਲੇ ਕੁਝ ਸਮੇਂ ਤੋਂ ਫ਼ਸਲ ਨਾ ਹੋਣ ਕਾਰਨ ਕਾਫੀ ਪ੍ਰੇਸ਼ਾਨ ਸੀ ਅਤੇ ਘਰ ਨੀਵਾਂ ਹੋਣ ਕਰ ਕੇ ਪਿਛਲੇ ਦਿਨੀਂ ਹੋਈ ਬਾਰਿਸ਼ ਵੀ ਪ੍ਰੇਸ਼ਾਨੀ ਕਾ ਕਾਰਨ ਬਣੀ।
ਉਨ੍ਹਾਂ ਨੇ ਦੱਸਿਆ ਕਿ ਐੱਸ.ਬੀ.ਆਈ. ਬੈਂਕ ਆਦਿ ਵੱਲੋਂ ਕਿਸਾਨ ਨੇ ਕਰਜ਼ਾ ਲਿਆ ਹੋਇਆ ਸੀ ਜਿਸ ਦੇ ਚਲਦੇ ਕਰਜ਼ਾ ਭਰਨ ਲਈ ਬੈਂਕ ਅਧਿਕਾਰੀਆਂ ਵੱਲੋਂ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਤੋਂ ਤੰਗ ਹੁੰਦਿਆਂ ਕਿਸਾਨ ਦਰਸ਼ਨ ਸਿੰਘ ਨੇ ਦੇਰ ਰਾਤ ਘਰੋਂ ਆਪਣੇ ਖੇਤ ਜਾ ਕੇ 15 ਫੁੱਟ ਡੂੰਘੇ ਖੂਹ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦਰਸ਼ਨ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਦੋ ਪੁੱਤਰ ਛੱਡ ਗਿਆ ਹੈ।
ਪੀੜਤ ਕਿਰਨਜੀਤ ਕੌਰ ਪਤਨੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿਰ ਬੈਂਕਾਂ ਦਾ 13 ਲੱਖ ਤੋਂ ਵੱਧ ਦਾ ਕਰਜ਼ਾ ਹੈ,ਜਿਸ ਨੂੰ ਉਹ ਅਤੇ ਉਸ ਦੇ ਬੱਚੇ ਨਹੀਂ ਉਤਾਰ ਸਕਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਜਿੱਥੇ ਕਰਜ਼ੇ ਮੁਕਤੀ ਦੀ ਮੰਗ ਕੀਤੀ ਹੈ ਉਥੇ ਹੀ ਦੋਨਾਂ ਬੱਚਿਆਂ ਲਈ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਜੌੜਕੀਆਂ ਦੇ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਰਸ਼ਨ ਸਿੰਘ ਦੀ ਪਤਨੀ ਕਿਰਨਜੀਤ ਕੌਰ ਦੇ ਬਿਆਨਾਂ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਦਰਸ਼ਨ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖੇਤ ਵਿੱਚ ਖੂਹ 'ਚ ਛਾਲ ਮਾਰ ਕੇ ਆਤਮਹੱਤਿਆ ਕੀਤੀ ਹੈ।