Sunil Jakhar : ਪੰਜਾਬ ਭਾਜਪਾ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਸੁਨੀਲ ਜਾਖੜ ,ਚੰਡੀਗੜ੍ਹ 'ਚ ਸੂਬਾ ਇੰਚਾਰਜ ਵਿਜੇ ਰੁਪਾਣੀ ਦੀ ਅਗਵਾਈ 'ਚ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਵਿਜੇ ਰੂਪਾਨੀ ਦਾ ਵੱਡਾ ਬਿਆਨ- ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ,ਉਹ ਨਿੱਜੀ ਕੰਮ ਲਈ ਦਿੱਲੀ 'ਚ ਹਨ, ਜਲਦ ਹੀ ਪਾਰਟੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ

Sunil Jakhar

Sunil Jakhar News : ਪੰਜਾਬ ਭਾਜਪਾ ਦੀ ਮੀਟਿੰਗ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਸ਼ੁਰੂ ਹੋ ਗਈ ਹੈ ਪਰ ਭਾਜਪਾ ਪ੍ਰਧਾਨ ਸੁਨੀਲ ਜਾਖੜ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਜਿਸ ਕਾਰਨ ਇਕ ਵਾਰ ਫਿਰ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਜਦੋਂ ਪੱਤਰਕਾਰਾਂ ਨੇ ਇਸ ਮਾਮਲੇ ਵਿੱਚ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ।

ਅਸਤੀਫ਼ੇ ਦੀ ਖ਼ਬਰ ਅਫਵਾਹ ਹੈ। ਸੁਨੀਲ ਜਾਖੜ ਆਪਣੇ ਨਿੱਜੀ ਕੰਮ ਲਈ ਦਿੱਲੀ ਗਏ ਹੋਏ ਹਨ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਜਾਖੜ ਨੇ ਇਨ੍ਹਾਂ ਖਬਰਾਂ ਦਾ ਵੀ ਖੰਡਨ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਹਨ। ਉਹ ਸਾਡੀ ਪਾਰਟੀ ਦੇ ਪ੍ਰਧਾਨ ਹਨ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਚੱਲ ਰਹੀ ਹੈ। ਉਹ ਦੋ-ਚਾਰ ਦਿਨਾਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਗੇ।

ਦੱਸ ਦੇਈਏ ਕਿ ਪੰਜਾਬ ਭਾਜਪਾ ਇਹ ਮੀਟਿੰਗ ਆਉਣ ਵਾਲੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਸਬੰਧੀ ਸੱਦੀ ਗਈ ਸੀ। ਚੋਣਾਂ ਵਿੱਚ ਕਿਹੜੇ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ। ਇਸ ਸਬੰਧੀ ਰਣਨੀਤੀ ਵੀ ਬਣਾਈ ਗਈ ਹੈ। ਇਸ ਦੌਰਾਨ ਸਾਰੇ ਆਗੂਆਂ ਦੀ ਰਾਏ ਲਈ ਗਈ। 

ਇਸ ਦੇ ਨਾਲ ਹੀ ਸਾਰੀਆਂ ਸੀਟਾਂ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਮੈਂਬਰਸ਼ਿਪ ਮੁਹਿੰਮ ਸਬੰਧੀ ਵੀ ਰਣਨੀਤੀ ਬਣਾਈ ਗਈ ਹੈ ਕਿਉਂਕਿ ਪੰਚਾਇਤੀ ਚੋਣਾਂ ਕਾਰਨ ਭਾਜਪਾ ਨੇ ਮੈਂਬਰਸ਼ਿਪ ਮੁਹਿੰਮ ਨੂੰ ਫਿਲਹਾਲ ਰੋਕ ਦਿੱਤਾ ਹੈ।