ਬਹਿਬਲ ਕਲਾਂ ਗੋਲੀਕਾਂਡ : ਅਦਾਲਤ 'ਚ ਪੇਸ਼ ਨਾ ਹੋਇਆ ਕੋਈ ਮੁਲਜ਼ਮ, ਹੁਣ 18 ਨਵੰਬਰ ਨੂੰ ਪੇਸ਼ ਹੋਣ ਦੇ ਹੁ
ਬਹਿਬਲ ਕਲਾਂ ਗੋਲੀਕਾਂਡ : ਅਦਾਲਤ 'ਚ ਪੇਸ਼ ਨਾ ਹੋਇਆ ਕੋਈ ਮੁਲਜ਼ਮ, ਹੁਣ 18 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ
ਪੀੜਤ ਪਰਵਾਰਾਂ ਵਲੋਂ ਕੁੰਵਰਵਿਜੈ ਪ੍ਰਤਾਪ ਨੂੰ ਜਾਂਚ ਤੋਂ ਲਾਂਭੇ ਕਰਨ ਦਾ ਵਿਰੋਧ
ਕੋਟਕਪੂਰਾ, 29 ਅਕਤੂਬਰ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਵਾਪਰੇ ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ ਅਰਥਾਤ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਮੁਲਜ਼ਮਾਂ ਵਲੋਂ ਜਾਂਚ ਟੀਮ 'ਚੋਂ ਹਟਾਉਣ ਅਰਥਾਤ ਲਾਂਭੇ ਕਰਨ ਦੀਆਂ ਕੌਸ਼ਿਸ਼ਾਂ ਦੀ ਪੀੜਤ ਪਰਵਾਰਾਂ ਨੇ ਨਿੰਦਾ ਕੀਤੀ ਹੈ। ਬਹਿਬਲ ਕਲਾਂ ਗੋਲੀਕਾਂਡ 'ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਰਵਾਰਾਂ ਨੇ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਕਾਰਗੁਜਾਰੀ 'ਤੇ ਸੰਤੁਸ਼ਟੀ ਅਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਸਮੇਤ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸੀਆ ਤਸ਼ੱਦਦ ਦਾ ਸ਼ਿਕਾਰ ਹੋਈਆਂ ਸਾਰੀਆਂ ਪੀੜਤ ਸਿੱਖ ਸੰਗਤਾਂ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਕੀਤੀ ਜਾ ਰਹੀ ਜਾਂਚ 'ਤੇ ਪੂਰੀ ਤਰਾਂ ਸੰਤੁਸ਼ਟ ਹਨ। ਉਧਰ ਬਹਿਬਲ ਗੋਲੀਕਾਂਡ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਐਸ.ਪੀ. ਬਿਕਰਮਜੀਤ ਸਿੰਘ ਤੇ ਥਾਣਾ ਬਾਜਾਖਾਨਾ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਸਮੇਤ ਚਾਰ ਵਿਅਕਤੀਆਂ ਨੂੰ ਸਥਾਨਕ ਇਲਾਕਾ ਮੈਜਿਸਟ੍ਰੇਟ ਸੁਰੇਸ਼ ਕੁਮਾਰ ਨੇ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਦਿਤੇ ਹਨ। ਐਸਆਈਟੀ ਨੇ ਐਸ.ਪੀ. ਬਿਕਰਮਜੀਤ ਸਿੰਘ, ਬਾਜਾਖ਼ਾਨਾ ਦੇ ਤਤਕਾਲੀ ਐਸਐਚਓ ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਖਿਲਾਫ਼ ਬੀਤੀ 9 ਅਕਤੂਬਰ ਨੂੰ ਅਦਾਲਤ 'ਚ ਚਲਾਨ ਪੇਸ਼ ਕੀਤਾ ਸੀ। ਚਲਾਨ ਪੇਸ਼ ਹੋਣ ਮਗਰੋਂ ਇਲਾਕਾ ਮੈਜਿਸਟ੍ਰੇਟ ਨੇ ਪੁਲਿਸ ਅਧਿਕਾਰੀਆਂ ਅਤੇ ਦੂਜੇ ਮੁਲਜ਼ਮਾਂ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿਤੇ ਸਨ ਪਰ ਉਕਤਾਨ ਵਿਚੋਂ ਕੋਈ ਵੀ ਅਦਾਲਤ 'ਚ ਪੇਸ਼ ਨਾ ਹੋਇਆ ਤਾਂ ਹੁਣ ਅਦਾਲਤ ਨੇ 18 ਨਵੰਬਰ ਲਈ ਉਕਤਾਨ ਨੂੰ ਦੁਬਾਰਾ ਨੋਟਿਸ ਜਾਰੀ ਕਰਦਿਆਂ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਦਿਤੇ ਹਨ।
ਜ਼ਿਕਰਯੋਗ ਹੈ ਕਿ ਐਸਆਈਟੀ ਉਕਤ ਮਾਮਲੇ 'ਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਚੁੱਕੀ ਹੈ।