13 ਪਿੰਡਾਂ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਲੱਖੋਵਾਲ ਨੂੰ ਛੱਡ ਬੀਕੇਯੂ ਕਾਦੀਆ 'ਚ ਹੋਏ ਸ਼ਾਮਲ 

ਏਜੰਸੀ

ਖ਼ਬਰਾਂ, ਪੰਜਾਬ

ਇਹ ਸਾਰੇ ਕਿਸਾਨੀ ਹੱਕਾਂ ਲਈ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਨ

Bhartiya Kisan Union Kadian

ਚੰਡੀਗੜ੍ਹ - ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਝਟਕਾ ਦਿੰਦੇ ਹੋਏ ਵੱਡੀ ਗਿਣਤੀ ਵਿੱਚ ਕੋਟਕਪੂਰਾ ਅਤੇ ਫ਼ਰੀਦਕੋਟ ਇਕਾਈ ਦੇ ਅਹੁਦੇਦਾਰ ਅਤੇ ਵਰਕਰ ਭਾਰਤੀ ਕਿਸਾਨ ਯੂਨੀਅਨ ਕਾਦੀਆ ਵਿਚ ਸ਼ਾਮਲ ਹੋਏ। ਇਸ ਮੌਕੇ ਬੀਕੇਯੂ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਵਿਸ਼ੇਸ਼ ਰੂਪ ਵਿਚ ਪੁਹੰਚੇ ਜਿੱਥੇ ਉਨ੍ਹਾਂ ਦੁਆਰਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਅਤੇ ਜ਼ਿਲ੍ਹੇ ਦੇ ਸਾਰੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਲੱਖੋਵਾਲ ਗਰੁੱਪ ਵਲੋਂ  ਆਏ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਬੀਕੇਯੂ ਕਾਦੀਆ ਵਿਚ ਸ਼ਾਮਲ ਕਰਵਾਇਆ ਗਿਆ।

ਇਸ ਸਮੇਂ ਬੀਕੇਯੂ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਕਿਹਾ ਕਿ ਅੱਜ ਲੱਖੋਵਾਲ ਗਰੁੱਪ ਦੇ ਕੋਟਕਪੂਰਾ ਅਤੇ ਫ਼ਰੀਦਕੋਟ ਇਕਾਈ ਦੇ ਕਰੀਬ 13 ਪਿੰਡਾਂ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਲੱਖੋਵਾਲ ਨੂੰ ਛੱਡ ਕੇ ਬੀਕੇਯੂ ਕਾਦੀਆ ਵਿਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਇਹ ਸਾਰੇ ਕਿਸਾਨੀ ਹੱਕਾਂ ਲਈ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਨ ਅਤੇ ਅੱਗੇ ਵੀ ਸਾਡੇ ਨਾਲ ਮਿਲ ਕੇ ਕਿਸਾਨੀ ਹੱਕਾਂ ਦੀ ਲੜਾਈ ਵਿਚ ਸਾਡਾ ਸਾਥ ਦੇਣਗੇ।  ਯੂਨੀਅਨ ਵਿਚ ਉਨ੍ਹਾਂ ਨੂੰ ਉਨਾ ਹੀ ਆਦਰ ਮਿਲੇਗਾ ਜਿਨ੍ਹਾਂ ਸਾਡੇ ਸਾਰੇ ਵੱਡੇ ਤੋਂ ਲੈ ਕੇ ਛੋਟੇ ਵਰਕਰਾਂ ਨੂੰ ਬਰਾਬਰ ਮਿਲਦਾ ਹੈ।

ਖੇਤੀ ਬਿੱਲ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਹਰਮੀਤ ਸਿੰਘ ਕਾਦੀਆ ਨੇ ਕਿਹਾ ਕਿ ਪੰਜਾਬ ਭਰ ਦੀਆਂ 30 ਕਿਸਾਨ ਜਥੇਬੰਦੀਆਂ ਦੁਆਰਾ ਸਾਂਝੇ ਤੌਰ ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਕਦੇ ਦਲਿਤ ਪੱਤਾ ਖੇਡ, ਕਦੇ ਮਾਲ ਗੱਡੀਆਂ ਰੋਕ ਅਤੇ ਹੁਣ RDF ਰੋਕ ਕੇ ਕਿਤੇ ਨਾ ਕਿਤੇ ਕਿਸਾਨਾਂ ਉਤੇ ਸਰਕਾਰ ਦੇ ਜਰੀਏ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਅਤੇ ਜੋ ਉਦਯੋਗਾਂ ਅਤੇ ਬਾਕੀ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕਾਰਨ ਕਿਸਾਨ ਅੰਦੋਲਨ ਦੱਸ ਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰੋਪੀਡਾ ਕਰਨ ਦੀ ਕੋਸ਼ਿਸ਼ ਵਿਚ ਹਨ, ਪਰ ਅੱਜ ਦੇਸ਼ ਭਰ ਦਾ ਕਿਸਾਨ ਇੱਕ ਹੋ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨ ਆਪਣਾ ਸੰਘਰਸ਼ ਹਰ ਹਾਲ ਵਿੱਚ ਜਾਰੀ ਰੱਖਣਗੇ।