ਕਿਸਾਨ ਆਗੂਆਂ ਵਲੋਂ ਨਿਜੀ ਥਰਮਲ ਪਲਾਂਟਾਂ ਦੇ ਰੇਲ ਟਰੈਕ ਖ਼ਾਲੀ ਕਰਨ ਤੋਂ ਕੋਰੀ ਨਾਂਹ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਆਗੂਆਂ ਵਲੋਂ ਨਿਜੀ ਥਰਮਲ ਪਲਾਂਟਾਂ ਦੇ ਰੇਲ ਟਰੈਕ ਖ਼ਾਲੀ ਕਰਨ ਤੋਂ ਕੋਰੀ ਨਾਂਹ

image

ਹਾਈ ਕੋਰਟ ਦੀ ਹਦਾਇਤ ਮਗਰੋਂ ਮੰਤਰੀਆਂ ਦੀ ਕਮੇਟੀ ਨੇ ਗੱਲਬਾਤ ਲਈ ਸੱਦੇ ਸਨ ਕਿਸਾਨ ਆਗੂ

ਚੰਡੀਗੜ੍ਹ, 29 ਅਕਤੂਬਰ (ਗੁਰਉਪਦੇਸ਼ ਭੁੱਲਰ): ਕਿਸਾਨ ਆਗੂਆਂ ਨੇ ਨਿਜੀ ਥਰਮਲ ਪਲਾਂਟਾਂ ਦੇ ਘਿਰਾਉ ਲਈ ਇਨ੍ਹਾਂ ਵਲ ਜਾਂਦੇ ਰੇਲ ਟਰੈਕਾਂ 'ਤੇ ਲੱਗੇ ਧਰਨੇ ਹਟਾਉਣ ਲਈ ਪੰਜਾਬ ਸਰਕਾਰ ਨੂੰ ਕੋਰੀ ਨਾਂਹ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਮਾਲ ਗੱਡੀਆਂ ਕੇਂਦਰ ਵਲੋਂ ਨਾ ਚਲਾਏ ਜਾਣ ਕਾਰਨ ਸੂਬੇ ਤੇ ਕੇਂਦਰ ਸਕਾਰ ਵਿਚ ਪੈਦਾ ਹੋਏ ਵਿਵਾਦ ਦੇ ਚਲਦੇ ਬੀਤੇ ਦਿਨੀਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਇਕ ਜਨ ਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਰੇਲ ਟਰੈਕ ਖ਼ਾਲੀ ਕਰਵਾਉਣ ਦੀ ਹਦਾਇਤ ਦੇਣ ਦੇ ਨਾਲ ਨਾਲ ਅਜਿਹਾ ਨਾ ਹੋਣ 'ਤੇ ਖ਼ੁਦ ਕੋਈ ਹੁਕਮ ਜਾਰੀ ਕਰਨ ਦੀ ਚੇਤਾਵਨੀ ਤਕ ਵੀ ਸਖ਼ਤ ਟਿਪਣੀ ਕਰਦਿਆਂ ਦੇ ਦਿਤੀ ਸੀ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਗਠਤ ਮੰਤਰੀ ਕਮੇਟੀ ਨੇ ਅੰਦੋਲਨ ਦੀ ਵੱਡੀ ਜਥੇਬੰਦੀ ਬੀ.ਕੇ.ਯੂ. (ਏਕਤਾ) ਉਗਰਾਹਾਂ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਸੀ। ਇਸ ਮੀਟਿੰਗ ਵਿਚ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ ਦੇ ਨਾਲ ਵਿਧਾਇਕ ਕੁਲਜੀਤ ਨਾਗਰਾ ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਸਰਕਾਰ ਵਲੋਂ ਸ਼ਾਮਲ ਹੋਏ।
ਕਿਸਾਨ ਯੂਨੀਅਨ ਵਲੋਂ ਇਸ ਦੇ 5 ਮੈਂਬਰੀ ਵਫ਼ਦ ਵਿਚ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੇ ਨਾਲ ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾ ਅਤੇ ਮਨਜੀਤ ਸਿੰਘ ਸ਼ਾਮਲ ਹੋਏ। ਮੀਟਿੰਗ ਵਿਚ ਵਿਚਾਰ ਵਟਾਂਦਰੇ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ
ਨੂੰ ਸਪਸ਼ਟ ਕੀਤਾ ਕਿ ਨਿਜੀ ਥਰਮਲ ਪਲਾਂਟਾਂ ਜੋ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਨ, ਦਾ ਉਨ੍ਹਾਂ ਵਲੋਂ 13 ਅਕਤੂਬਰ ਤੋਂ ਹੀ ਘਿਰਾਉ ਜਾਰੀ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਤੇ ਵਣਵਾਲਾ ਨਿਜੀ ਥਰਮਲ ਪਲਾਂਟ ਤਲਵੰਡੀ ਸਾਬੋ ਦੇ ਦੋ ਰੇਲ ਟਰੈਕਾਂ ਨੂੰ ਛੱਡ ਕੇ ਸੂਬੇ ਵਿਚ ਬਾਕੀ ਹੋਰ ਸਾਰੇ ਰੇਲ ਟਰੈਕ 31 ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਬਾਅਦ ਖ਼ਾਲੀ ਕੀਤੇ ਜਾ ਚੁੱਕੇ ਹਨ, ਜਿਥੇ ਮਾਲ ਗੱਡੀਆਂ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਦੀ ਸਾਜ਼ਸ਼ ਤਹਿਤ ਯਾਤਰੀ ਗੱਡੀਆਂ ਚਲਾਉਣ ਦੇ ਨਾਂ ਹੇਠ ਜਾਣ ਬੁਝ ਕੇ ਮਾਲ ਗੱਡੀਆਂ ਨਾ ਚਲਾ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਜੋ ਸੂਬੇ ਦਾ ਆਰਥਕ ਨੁਕਸਾਨ ਕਰ ਕੇ ਆਮ ਲੋਕਾਂ ਨੂੰ ਕਿਸਾਨਾਂ ਵਿਰੁਧ ਭੜਕਾਇਆ ਜਾ ਸਕੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਕੇਂਦਰ ਵਲੋਂ ਕੀਤੀ ਜਾ ਰਹੀ ਆਰਥਕ ਨਾਕੇਬੰਦੀ ਦਾ ਹੁਣ ਪੂਰੇ ਦੇਸ਼ ਦੇ ਕਿਸਾਨ 5 ਨਵੰਬਰ ਨੂੰ ਚੱਕਾ ਜਾਮ ਅਤੇ ਉਸ ਤੋਂ ਬਾਅਦ 26-27 ਨਵੰਬਰ ਨੂੰ ਦਿੱਲੀ ਨੂੰ ਘੇਰ ਕੇ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ।

ਕਿਸਾਨ ਆਗੂਆਂ ਨੇ ਕਿਹਾ, ਸਿਰਫ਼ ਨਿਜੀ ਥਰਮਲ ਪਲਾਂਟਾਂ ਨੂੰ ਛੱਡ ਕੇ ਪੰਜਾਬ ਵਿਚ ਬਾਕੀ ਸੱਭ ਰੇਲ ਟਰੈਕ ਮਾਲੀ ਗੱਡੀਆਂ ਲਈ ਖ਼ਾਲੀ ਕੀਤੇ