ਮੋਦੀ ਸਰਕਾਰ ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂਅ- ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਵੱਲੋਂ ਟਾਂਡਾ ਵਿਚ ਕਿਸਾਨ ਜਾਗਰੂਕਤਾ ਸਭਾ

Sunil Jakhar

ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂਅ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ, ਜੀਐਸਟੀ ਰਾਹੀਂ ਭਾਜਪਾ ਦੀ ਕੇਂਦਰ ਸਰਕਾਰ ਨੇ ਛੋਟੋ ਵਪਾਰੀ ਨੂੰ ਤਬਾਹ ਕਰ ਦਿੱਤਾ ਸੀ ਅਤੇ ਹੁਣ ਖੇਤੀ ਕਾਨੂੰਨਾਂ ਨਾਲ ਇਸ ਨੇ ਦੇਸ਼ ਦੇ ਪੇਟ ਪਾਲਕ ਕਿਸਾਨ ਦੀ ਬਰਬਾਦੀ ਦੀ ਇਬਾਰਤ ਲਿਖ ਦਿੱਤੀ ਹੈ।

ਅੱਜ ਹੁਸ਼ਿਆਰਪੁਰ ਜ਼ਿਲੇ ਵਿਚ ਟਾਂਡਾ ਵਿਖੇ ਕਿਸਾਨ ਜਾਗਰੂਕਤਾ ਸਭਾ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਭਰ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਪੰਜਾਬ ਨੂੰ ਅਲਗ ਥਲਗ ਕਰਨ ਦੀ ਸਾਜਿਸ਼ ਤਹਿਤ ਗੱਲਬਾਤ ਲਈ ਕੇਵਲ ਪੰਜਾਬ ਦੇ ਕਿਸਾਨਾਂ ਨੂੰ ਬੁਲਾਇਆ ਅਤੇ ਫਿਰ ਗੱਲਬਾਤ ਵੀ ਨਾ ਕਰਕੇ ਪੰਜਾਬ ਦਾ ਅਪਮਾਨ ਕੀਤਾ ਸੀ। ਉਨਾਂ ਨੇ ਕਿਹਾ ਕਿ ਗੁਰੂਆਂ ਵੱਲੋਂ ਵਰਸੋਇਆ ਪੰਜਾਬ ਕੇਂਦਰ ਸਰਕਾਰ ਦੀ ਕਿਸੇ ਧੱਕੇਸ਼ਾਹੀ ਨੂੰ ਬਰਦਾਸਤ ਨਹੀਂ ਕਰੇਗਾ। ਉਨ੍ਹਾਂ  ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦਾ ਨੁਕਸਾਨ ਕਰਨ ਦੀ ਕੇਂਦਰ ਦੀ ਸਾਜਿਸ਼ ਦਾ ਅਸਰ ਦੇਸ਼ ਦੇ ਸਮੂਚੇ ਅਰਥਚਾਰੇ ਤੇ ਪਵੇਗਾ।

ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਨੂੰ ਯਾਦ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੀ ਵਿਕਾਸ ਦਰ ਵੀ ਬਰਕਰਾਰ ਰੱਖੀ ਅਤੇ ਮੁਸ਼ਕਿਲ ਦੌਰ ਵਿਚ ਵੀ ਦੇਸ਼ ਦੇ ਵਿਕਾਸ ਨੂੰ ਰੁਕਣ ਨਹੀਂ ਸੀ ਦਿੱਤਾ। ਬਲਕਿ ਮਗਨਰੇਗਾ, ਭੋਜਨ ਸੁਰੱਖਿਆ ਦਾ ਅਧਿਕਾਰ ਵਰਗੇ ਕਾਨੂੰਨ ਲਿਆ ਕੇ ਕਮਜੋ਼ਰ ਵਰਗਾਂ ਦਾ ਹੱਥ ਫੜਿਆ ਸੀ, ਜਦ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਤੇ ਲੱਗੇ ਹੋਏ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਕਿਸਾਨਾਂ ਨੂੰ ਬਹੁ ਰਾਸ਼ਟਰੀ ਕੰਪਨੀਆਂ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ   ਨੇ ਸੁਚੇਤ ਕਰਦਿਆਂ ਕਿਹਾ ਕਿ ਜਦ ਕਿਸਾਨ ਕੋਲ ਪੈਸਾ ਆਉਂਦਾ ਹੈ ਤਾਂਹੀ ਆਰਥਿਕਤਾ ਦਾ ਪਹੀਆ ਘੁੰਮਦਾ ਹੈ। ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਨੂੰ ਬੰਦ ਕਰਨ ਦੀ ਕੇਂਦਰ ਸਰਕਾਰ ਦੀ ਸਾਜਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚੇਤਾ ਕਰਵਾਇਆ ਕਿ ਪੰਜਾਬ ਸੁੱਤਾ ਨਹੀਂ ਹੈ ਬਲਕਿ ਇਹ ਨਾ ਕੇਵਲ ਆਪਣੀ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹੈ।

ਜਾਖੜ ਨੇ ਕਿਹਾ ਕਿ ਜੇਕਰ ਕਾਰਪੋਰੇਟ ਅਦਾਰੇ ਇੰਨੇ ਹੀ ਕਿਸਾਨਾਂ ਦੇ ਹਿੱਤੂ ਹਨ ਤਾਂ ਉੱਤਰ ਪ੍ਰਦੇਸ਼ ਦੀਆਂ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਖੜਾ 12000 ਕਰੋੜ ਰੁਪਈਆਂ ਪਹਿਲਾਂ ਕਿਸਾਨਾਂ ਨੂੰ ਦੁਆਇਆ ਜਾਵੇ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਜਿੱਦ ਪੁਗਾਉਣ ਲਈ ਪੰਜਾਬ ਦੀ ਆਰਥਿਕ ਘੇਰਾਬੰਦੀ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਜੀਐਸਟੀ ਦਾ ਹਿੱਸਾ ਰੋਕਣ ਤੋਂ ਬਾਅਦ ਹੁਣ ਦਿਹਾਤੀ ਵਿਕਾਸ ਫੰਡ ਬੰਦ ਕਰਨ ਦੀ ਗੱਲ ਕੇਂਦਰ ਸਰਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਿੱਛਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਹੋਏ 31000 ਕਰੋੜ ਰੁਪਏ ਦੇ ਅਨਾਜ ਘੋਟਾਲੇ ਦੀ ਜਾਂਚ ਕਿਉਂ ਨਹੀਂ ਕਰਵਾਉਂਦੀ। ਉਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਗੱਲ ਕਰਦਿਆਂ ਕਿਹਾ ਕਿ ਸਾਰੀ ਉਮਰ ਕਿਸਾਨਾਂ ਦੇ ਨਾਂਅ ਤੇ ਰਾਜਨੀਤੀ ਕਰਨ ਵਾਲੇ ਸ: ਸੁਖਬੀਰ ਸਿੰਘ ਬਾਦਲ ਹਾਲੇ ਵੀ ਕੇਂਦਰ ਸਰਕਾਰ ਖਿਲਾਫ ਨਹੀਂ ਬੋਲ ਰਹੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਹਾਲੇ ਵਿਚ ਪੰਜਾਬ ਵਿਚ ਭਾਜਪਾ ਦੇ ਏਂਜਟ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ  ਮੁੱਖ ਮੰਤਰੀ ਦੇ ਸਲਾਹਕਾਰ ਵਿਧਾਇਕ ਸ: ਸੰਗਤ ਸਿੰਘ ਗਿਲਜੀਆਂ, ਵਿਧਾਇਕ ਸ੍ਰੀ ਅਰੁਣ ਡੋਗਰਾ, ਵਿਧਾਇਕ ਸ੍ਰੀਮਤਹ ਇੰਦੂ ਬਾਲਾ ਨੇ ਵੀ ਸੰਬੋਧਨ ਕੀਤਾ।