ਰੇਲਾਂ ਬੰਦ ਹੋਣ ਕਾਰਨ ਪੰਜਾਬ 'ਚ ਖਾਦ ਸਪਲਾਈ ਪ੍ਰਭਾਵਿਤ, ਕਣਕ ਤੇ ਆਲੂ ਦੀ ਬਿਜਾਈ 'ਤੇ ਅਸਰ ਦਾ ਖਦਸ਼ਾ

ਏਜੰਸੀ

ਖ਼ਬਰਾਂ, ਪੰਜਾਬ

ਖਾਦ ਪੰਜਾਬ ਪਹੁੰਚਾਉਣ ਲਈ ਬਦਲਵੇਂ ਰਸਤੇ ਤਲਾਸ਼ਣ ਲੱਗੀਆਂ ਖਾਦ ਕੰਪਨੀਆਂ

fertilizer

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਪੰਜਾਬ ‘ਚ ਰੇਲ ਗੱਡੀਆਂ ਦੀ ਮੁਕੰਮਲ-ਬੰਦੀ ਦੇ ਐਲਾਨ ਬਾਅਦ ਪੰਜਾਬ ਅੰਦਰ ਯੂਰੀਆ ਅਤੇ ਡੀ.ਏ.ਪੀ. ਦੀ ਕਮੀ ਦੇ ਆਸਾਰ ਬਣ ਗਏ ਹਨ। ਖਾਦ ਦੀ ਕਮੀ ਦਾ ਅਸਰ ਆਲੂ ਅਤੇ ਕਣਕ ਦੀ ਬਿਜਾਈ ‘ਤੇ ਪੈਣ ਲੱਗਾ ਹੈ। ਖੇਤੀ ਮਹਿਰਾਂ ਮੁਤਾਬਕ ਪੰਜਾਬ ਭਰ ‘ਚ ਕਣਕ ਅਤੇ ਆਲੂ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁਕਾ ਹੈ। ਅਜਿਹੇ ‘ਚ ਜੇਕਰ ਰੇਲਾਂ ਛੇਤੀ ਚਾਲੂ ਨਹੀਂ ਹੁੰਦੀਆਂ ਤਾਂ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖੇਤੀ ਮਾਹਿਰਾਂ ਮੁਤਾਬਕ ਯੂਰੀਆ ਤੇ ਡੀ. ਏ. ਪੀ. ਦੀ ਕਮੀ ਦਾ ਅਸਰ ਫਸਲਾਂ ਦੇ ਝਾੜ ਤੇ ਪੈ ਸਕਦਾ ਹੈ। ਖੇਤੀ ਮਾਹਰਾਂ ਮੁਤਾਬਕ ਯੂਰੀਆ ਵਿਚ ਨਾਈਟਰੋਜ਼ਨ ਹੁੰਦੀ ਹੈ ਅਤੇ ਡੀ.ਏ.ਪੀ. 'ਚ ਫਾਸ ਪੋਰਸ ਹੁੰਦੀ ਹੈ, ਜੋ ਕਿ ਫ਼ਸਲ ਦੀ ਪੈਦਾਵਾਰ ਵਿਚ ਅਹਿਮ ਰੋਲ ਨਿਭਾਉਂਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਕਾਫ਼ੀ ਹੁੰਦਾ ਹੈ।

ਪੰਜਾਬ 'ਚ ਜ਼ਿਆਦਾਤਰ 15 ਤੋਂ 20 ਨਵੰਬਰ ਤਕ ਹੀ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਜੇਕਰ ਇਨ੍ਹਾਂ ਦੋਵਾਂ ਖਾਦਾਂ ਦੀ ਸਪਲਾਈ ਪੰਜਾਬ 'ਚ ਨਾ ਹੋਈ ਜਾਂ ਮਾਲ ਗੱਡੀਆਂ ਨਾ ਚਲਾਈਆਂ ਗਈਆਂ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਸੂਤਰਾਂ ਮੁਤਾਬਕ ਰੇਲਾਂ ਦਾ ਚੱਕਾ ਜਾਮ ਹੋਣ ਨੂੰ ਵੇਖਦਿਆ ਖਾਦ ਕੰਪਨੀਆਂ ਪੰਜਾਬ ‘ਚ ਖਾਦ ਪਹੁੰਚਾਉਣ ਲਈ ਬਦਲਵੇਂ ਰਸਤੇ ਤਲਾਸ਼ਣ ਲੱਗੀਆਂ ਹਨ। ਦੂਰ-ਦੁਰਾਂਡੇ ਦੀਆਂ ਖਾਦ ਕੰਪਨੀਆਂ ਖਾਦ ਪੰਜਾਬ ਨਾਲ ਲਗਦੇ ਹਰਿਆਣਾ ਤਕ ਰੇਲ ਰਾਹੀਂ ਲਿਆ ਕੇ ਅੱਗੋਂ ਟਰੱਕਾਂ ਰਾਹੀਂ ਪੰਜਾਬ ਪਹੁੰਚਾਉਣ ਦੀਆਂ ਵਿਉਤਾਂ ਬਣਾ ਰਹੇ ਹਨ। ਸੂਤਰਾਂ ਮੁਤਾਬਕ ਖਾਦ ਕੰਪਨੀਆਂ ਵਲੋਂ ਹਰਿਆਣਾ ਤਕ ਖਾਦ ਪਹੁੰਚਾਉਣ ਦੇ ਆਰਡਰ ਦਿਤੇ ਜਾ ਰਹੇ ਹਨ।