ਸਾਡੀ ਭਾਜਪਾ ਨਾਲ ਸਾਂਝ ਜਾਂ ਗੱਠਜੋੜ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ : ਸੁਖਦੇਵ ਸਿੰਘ ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ 'ਤੇ ਸਿਆਸਤ ਭਾਰੂ ਹੈ ਤੇ ਉਨ੍ਹਾਂ ਦਾ ਮੁੱਖ ਮੰਤਵ ਧਰਮ ਨੂੰ ਸਿਆਸਤ ਤੋਂ ਵੱਖ ਕਰਨਾ ਹੈ

Sukhdev Singh Dhindsa

ਗੜ੍ਹਦੀਵਾਲਾ (ਹਰਪਾਲ ਸਿੰਘ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਨੂੰ ਪੂਰੇ ਦੇਸ਼ ਨੇ ਨਕਾਰ ਦਿਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਭਾਜਪਾ ਨਾਲ ਕਿਸੇ ਤਰ੍ਹਾਂ ਦੀ ਸਾਂਝ ਜਾਂ ਗੱਠਜੋੜ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਭਾਜਪਾ ਨੇ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰ ਕੇ ਦੇਸ਼ ਭਰ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ।

ਉਹ ਇਥੇ ਪਾਰਟੀ ਦੇ ਸਰਗਰਮ ਕਾਰਕੁਨ ਜਗਤਾਰ ਸਿੰਘ ਬਲਾਲਾ ਦੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪਿਤਾ ਜਗਦੀਸ਼ ਸਿੰਘ (ਸਹਾਇਕ ਕਮਾਂਡੈਂਟ ਸੇਵਾ ਮੁਕਤ) ਸਬੰਧੀ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਸਨ। ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੁੱਖ ਮਕਸਦ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਤੋਂ ਮੁਕਤ ਕਰਾਉਣਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਬਾਦਲ ਪਰਵਾਰ ਦੇ ਇਸ਼ਾਰੇ 'ਤੇ ਚੱਲ ਰਹੀ ਹੈ, ਜਿਸ ਨੇ ਸਿੱਖ ਰਹਿਤ ਮਰਿਯਾਦਾ ਨੂੰ ਢਾਹ ਲਗਾਈ ਹੈ।

ਸ਼੍ਰੋਮਣੀ ਕਮੇਟੀ 'ਤੇ ਸਿਆਸਤ ਭਾਰੂ ਹੈ ਤੇ ਉਨ੍ਹਾਂ ਦਾ ਮੁੱਖ ਮੰਤਵ ਧਰਮ ਨੂੰ ਸਿਆਸਤ ਤੋਂ ਵੱਖ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਕਿਸਾਨੀ ਹੱਕ ਦੁਆਉਣ ਲਈ ਹਰ ਪੱਧਰ 'ਤੇ ਕਿਸਾਨਾਂ ਲਈ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨੀ ਧਰਨਿਆਂ ਵਿਚ ਪਾਰਟੀ ਦੇ ਕਾਰਕੁਨ ਤੇ ਆਗੂ ਸ਼ਮੂਲੀਅਤ ਕਰ ਰਹੇ ਹਨ ਅਤੇ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰਖਿਆ ਜਾਵੇਗਾ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ ਆਦਿ ਹਾਜ਼ਰ ਸਨ।

ਢੀਂਡਸਾ ਪਰਵਾਰ ਵਲੋਂ ਅਕਾਲੀ ਦਲ ਵਿਚ ਸੰਨ੍ਹ ਲਾਏ ਜਾਣ ਦੀ ਚਰਚਾ ਛਿੜੀ
ਸੁਖਦੇਵ ਸਿੰਘ ਢੀਂਡਸਾ ਵਲੋਂ ਇਸ ਫੇਰੀ ਦੌਰਾਨ ਦਸੂਹਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਦਸੂਹਾ ਭੁਪਿੰਦਰ ਸਿੰਘ ਨੀਲੂ ਅਤੇ ਸਾਬਕਾ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ। ਜਿਸ ਕਾਰਨ ਆਉਂਦੇ ਸਮੇਂ ਅੰਦਰ ਦਸੂਹਾ ਹਲਕੇ 'ਚ ਢੀਂਡਸਾ ਪਰਵਾਰ ਵਲੋਂ ਅਕਾਲੀ ਦਲ ਵਿਚ ਸੰਨ੍ਹ ਲਾਏ ਜਾਣ ਦੀ ਚਰਚਾ ਛਿੜ ਗਈ ਹੈ।

ਬੰਦ ਕਮਰਾ ਮੀਟਿੰਗ ਦੇ ਵੇਰਵੇ ਸਾਂਝੇ ਕਰਨ ਤੋਂ ਦੋਵਾਂ ਆਗੂਆਂ ਨੇ ਟਾਲਾ ਵਟਦਿਆਂ ਕੇਵਲ ਇੰਨਾ ਹੀ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਬਿੱਕਾ ਚੀਮਾ ਦੇ ਪਿਤਾ ਸ਼੍ਰੀ ਸੰਪੂਰਨ ਸਿੰਘ ਚੀਮਾ ਨਾਲ ਪਰਵਾਰਕ ਸਬੰਧ ਸਨ ਅਤੇ ਇਨ੍ਹਾਂ ਸਬੰਧਾਂ ਕਾਰਨ ਹੀ ਉਹ ਪਰਵਾਰ ਨੂੰ ਮਿਲਣ ਆਏ ਸਨ। ਪਾਰਟੀ ਸੂਤਰਾਂ ਅਨੁਸਾਰ ਦਸੂਹਾ ਤੇ ਮੁਕੇਰੀਆਂ ਹਲਕੇ ਦੇ ਲਗਾਤਾਰ ਅਣਗੌਲੇ ਜਾ ਰਹੇ ਪਾਰਟੀ ਆਗੂ ਤੇ ਵਰਕਰ ਢੀਂਡਸਾ ਪਰਵਾਰ ਨਾਲ ਜੁੜਨ ਵਿਚ ਦਿਲਚਸਪੀ ਰੱਖਦੇ ਹਨ ਅਤੇ ਜਲਦ ਹੀ ਹਲਕੇ ਦੇ ਹੋਰ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਪੱਲਾ ਫੜਨ ਦੇ ਅਸਾਰ ਹਨ।