ਕੈਨੇਡਾ ’ਚ ਪੰਜਾਬੀ ਨੌਜਵਾਨ ਸੰਦੀਪ ਸਿੰਘ ਕੈਲਾ ਨੇ ਬਣਾਇਆ ਵਿਸ਼ਵ ਰਿਕਾਰਡ
ਕੈਨੇਡਾ ’ਚ ਪੰਜਾਬੀ ਨੌਜਵਾਨ ਸੰਦੀਪ ਸਿੰਘ ਕੈਲਾ ਨੇ ਬਣਾਇਆ ਵਿਸ਼ਵ ਰਿਕਾਰਡ
ਇਕ ਊਂਗਲ ’ਤੇ ਸੱਭ ਤੋਂ ਤੇਜ਼ ਤੇ ਲੰਮਾ ਸਮਾਂ
ਐਬਟਸਫੋਰਡ (ਬੀ.ਸੀ.), 29 ਅਕਤੂਬਰ : ਸੇਵਾ ਭਵਨਾ, ਲਗਨ ਤੇ ਸਖ਼ਤ ਮਿਹਨਤ ਲਈ ਜਾਣੇ ਜਾਂਦੇ ਪੰਜਾਬੀਆਂ ਦਾ ਦੁਨੀਆ ਭਰ ਵਿੱਚ ਡੰਕਾ ਬੋਲਦਾ ਹੈ। ਆਪਣੀ ਮਿਹਨਤ ਦੇ ਦਮ ’ਤੇ ਇਹ ਸਫ਼ਲਤਾ ਦੀਆਂ ਬੁਲੰਦੀਆਂ ਹਾਸਲ ਕਰ ਲੈਂਦੇ ਨੇ। ਤਾਜ਼ਾ ਖ਼ਬਰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦੇ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੰਜਾਬੀ ਨੌਜਵਾਨ ਸੰਦੀਪ ਸਿੰਘ ਕੈਲਾ ਨੇ ਆਪਣੀ ਇੱਕ ਊਂਗਲ ’ਤੇ ਸਭ ਤੋਂ ਤੇਜ਼ ਤੇ ਲੰਮਾ ਸਮਾਂ ਫੁੱਟਬਾਲ ਘੁਮਾ ਕੇ ਵਰਲਡ ਰਿਕਾਰਡ ਬਣਾਇਆ ਹੈ, ਜਿਸ ਦਾ ਨਾਮ ਹੁਣ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ।
ਸੰਦੀਪ ਸਿੰਘ ਕੈਲਾ ਕੁਝ ਸਾਲ ਪਹਿਲਾਂ ਉਸ ਵੇਲੇ ਚਰਚਾ ਵਿੱਚ ਆਇਆ ਸੀ, ਜਦੋਂ ਉਸ ਨੇ ਇੱਕ ਟੂਥਬਰੱਸ਼ ’ਤੇ ਬਾਸਕਿਟਬਾਲ ਘੁੰਮਾ ਕੇ ਜੀਡਬਲਯੂਆਰ ਮਾਰਕ ਦਾ ਰਿਕਾਰਡ ਤੋੜਿਆ ਸੀ। ਉਸ ਤੋਂ ਬਾਅਦ ਉਸ ਨੂੰ ਅਮਰੀਕੀ ਫੁੱਟਬਾਲ ਬਾਰੇ ਪਤਾ ਲੱਗਾ ਕਿ ਅੱਜ ਤੱਕ ਕਿਸੇ ਨੇ ਵੀ ਇਸ ਫੁੱਟਬਾਲ ਨੂੰ ਊਂਗਲ ’ਤੇ ਤੇਜ਼ ਘੁਮਾਉਣ ਦਾ ਰਿਕਾਰਡ ਨਹੀਂ ਬਣਾਇਆ ਹੈ। ਇਸ ਮਗਰੋਂ ਉਸ ਨੇ ਕਈ ਮਹੀਨੇ ਦੀ ਟ੍ਰੇਨਿੰਗ ਅਤੇ ਆਪਣੀ ਤਕਨੀਕ ਦੇ ਦਮ ’ਤੇ 1 ਜੁਲਾਈ 2021 ਨੂੰ ਐਬਟਸਫੋਰਡ ਵਿੱਚ ਅਮਰੀਕੀ ਫੁੱਟਬਾਲ ਨੂੰ ਇੱਕ ਊਂਗਲ ’ਤੇ 21.66 ਸਕਿੰਟ ਤੇਜ਼ ਘੁਮਾ ਕੇ ਨਵਾਂ ਰਿਕਾਰਡ ਬਣਾ ਦਿੱਤਾ। ਸੰਦੀਪ ਨੇ ਕਿਹਾ ਕਿ ਉਸ ਨੇ ਇਹ ਰਿਕਾਰਡ ਬਣਾਉਣ ਲਈ ਕੈਨੇਡਾ ਦਿਵਸ ਦਾ ਦਿਨ ਚੁਣਿਆ ਸੀ, ਤਾਂ ਜੋ ਇਸ ਨੂੰ ਸਾਰੇ ਕੈਨੇਡੀਅਨ ਲੋਕਾਂ ਨੂੰ ਸਮਰਪਤ ਕੀਤਾ ਜਾ ਸਕੇ।