ਕਿਸਾਨ ਅੰਦੋਲਨ 'ਚ ਸੱਭ ਤੋਂ ਵੱਡੀ ਉਮਰ ਦੇ ਨਿਹੰਗ ਦੀ ਮੌਤ
ਕਿਸਾਨ ਅੰਦੋਲਨ 'ਚ ਸੱਭ ਤੋਂ ਵੱਡੀ ਉਮਰ ਦੇ ਨਿਹੰਗ ਦੀ ਮੌਤ
ਸੋਨੀਪਤ, 29 ਅਕਤੂਬਰ : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ | ਇਸ ਦੌਰਾਨ 95 ਸਾਲਾ ਨਿਹੰਗ ਸੋਹਣ ਸਿੰਘ ਬਾਬਾ ਦੀ ਮੌਤ ਦੀ ਖ਼ਬਰ ਆਈ ਹੈ | ਜਾਣਕਾਰੀ ਮੁਤਾਬਕ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਨਿਹੰਗ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ, ਉਥੇ ਹੀ ਨਿਹੰਗ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਰਕਾਰੀ ਹਸਪਤਾਲ ਭੇਜ ਦਿਤਾ ਹੈ |
ਇਸ ਤੋਂ ਇਲਾਵਾ ਸੋਨੀਪਤ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ | ਦਰਅਸਲ, ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ 95 ਸਾਲਾ ਨਿਹੰਗ ਸੋਹਨ ਸਿੰਘ ਪਿਛਲੇ 10 ਮਹੀਨਿਆਂ ਤੋਂ ਸੋਨੀਪਤ ਕੁੰਡਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਹਿੱਸੇਦਾਰ ਸੀ | ਜਾਣਕਾਰੀ ਅਨੁਸਾਰ ਨਿਹੰਗ ਸੋਹਣ ਸਿੰਘ ਲਹਿਰ ਵਿਚ ਸੱਭ ਤੋਂ ਵੱਧ ਉਮਰ ਦੇ ਵਿਅਕਤੀ ਸਨ ਅਤੇ ਉਹ ਨਿਹੰਗ ਜਥੇਦਾਰ ਬਲਵਿੰਦਰ ਸਿੰਘ ਦੇ ਗਰੁਪ ਵਿਚ ਰਹਿ ਰਹੇ ਸਨ | ਉਨ੍ਹਾਂ ਦੀ ਸਿਹਤ ਕਈ ਦਿਨਾਂ ਤੋਂ ਠੀਕ ਨਹੀਂ ਸੀ ਅਤੇ ਉਹ ਬੀਮਾਰ ਚੱਲ ਰਹੇ ਸਨ | ਅੱਜ ਸਵੇਰੇ ਬੀਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ |
ਨਿਹੰਗ ਸੋਹਣ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਸੋਨੀਪਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿਤਾ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਨਿਹੰਗ ਸੋਹਣ ਸਿੰਘ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ | ਫ਼ਿਲਹਾਲ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅਸਲ ਕਾਰਨਾਂ ਦਾ ਪ੍ਰਗਟਾਵਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ | (ਏਜੰਸੀ)