ਅਮਰੀਕਾ ਵਲੋਂ ਅਫ਼ਗ਼ਾਨਿਸਤਾਨ ਨੂੰ 14.4 ਕਰੋੜ ਡਾਲਰ ਦੀ ਸਹਾਇਤਾ ਦਾ ਐਲਾਨ
ਅਮਰੀਕਾ ਵਲੋਂ ਅਫ਼ਗ਼ਾਨਿਸਤਾਨ ਨੂੰ 14.4 ਕਰੋੜ ਡਾਲਰ ਦੀ ਸਹਾਇਤਾ ਦਾ ਐਲਾਨ
ਗ਼ੈਰ-ਸਰਕਾਰੀ ਮਾਨਵਤਾਵਾਦੀ ਸੰਗਠਨਾਂ ਨੂੰ ਦਿਤੀ ਜਾਵੇਗੀ ਇਹ ਰਕਮ, ਲੋੜਵੰਦ
ਵਾਸ਼ਿੰਗਟਨ, 29 ਅਕਤੂਬਰ : ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਅਧੀਨ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਅਮਰੀਕਾ 14.4 ਕਰੋੜ ਡਾਲਰ ਦੀ ਮਦਦ ਕਰੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਕਿਹਾ ਕਿ ਸਹਾਇਤਾ ਸਿੱਧੇ ਤੌਰ ’ਤੇ ਸੁਤੰਤਰ ਅੰਤਰਰਾਸ਼ਟਰੀ ਅਤੇ ਗ਼ੈਰ-ਸਰਕਾਰੀ ਮਾਨਵਤਾਵਾਦੀ ਸੰਗਠਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿਚ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ, ਸੰਯੁਕਤ ਰਾਸ਼ਟਰ ਬਾਲ ਫ਼ੰਡ, ਅੰਤਰਰਾਸ਼ਟਰੀ ਇਮੀਗ੍ਰੇਸ਼ਨ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਸ਼ਾਮਲ ਹਨ।
ਬਲਿੰਕੇਨ ਨੇ ਕਿਹਾ ਕਿ ਇਹ ਫ਼ੰਡ ਖੇਤਰ ਦੇ 1.8 ਕਰੋੜ ਤੋਂ ਵੱਧ ਲੋੜਵੰਦ ਅਫ਼ਗ਼ਾਨਾਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ਵਿਚ ਗੁਆਂਢੀ ਦੇਸ਼ਾਂ ਵਿਚ ਸ਼ਰਨ ਲੈਣ ਵਾਲੇ ਅਫ਼ਗ਼ਾਨ ਸ਼ਰਨਾਰਥੀ ਵੀ ਸ਼ਾਮਲ ਹਨ।
ਬਲਿੰਕਨ ਨੇ ਕਿਹਾ ਕਿ ਇਸ ਦੇ ਨਾਲ ਹੀ ਅਫ਼ਗ਼ਾਨਿਸਤਾਨ ਵਿਚ ਅਤੇ ਇਸ ਖੇਤਰ ਵਿਚ ਅਫ਼ਗ਼ਾਨ ਸ਼ਰਨਾਰਥੀਆਂ ਲਈ ਕੁੱਲ ਅਮਰੀਕੀ ਮਨੁੱਖੀ ਸਹਾਇਤਾ 2021 ਵਿਚ ਵੱਧ ਕੇ ਲਗਭਗ 47.4 ਕਰੋੜ ਡਾਲਰ ਹੋ ਗਈ, ਜੋ ਕਿਸੇ ਵੀ ਦੇਸ਼ ਵਲੋਂ ਦਿਤੀ ਸੱਭ ਤੋਂ ਵੱਧ ਆਰਥਿਕ ਮਦਦ ਹੈ। ਵਿਦੇਸ਼ ਮੰਤਰੀ ਨੇ ਕਿਹ ਕਿ ਇਹ ਮਦਦ ਸਾਡੇ ਭਾਈਵਾਲਾਂ ਨੂੰ ਸਿਹਤ ਸੰਭਾਲ ਦੀ ਕਮੀ, ਕੋਵਿਡ-19, ਸੋਕਾ, ਕੁਪੋਸ਼ਣ ਅਤੇ ਆਉਣ ਵਾਲੇ ਸਰਦੀਆਂ ਦੇ ਮੌਸਮ ਵਿਚ ਵਧਦੀਆਂ ਮਨੁੱਖੀ ਲੋੜਾਂ ਦੇ ਮੱਦੇਨਜ਼ਰ ਜੀਵਨ ਸੁਰੱਖਿਆ, ਭੋਜਨ ਸੁਰੱਖਿਆ, ਜ਼ਰੂਰੀ ਸਿਹਤ ਦੇਖਭਾਲ, ਸਰਦੀਆਂ ਦੇ ਸਾਮਾਨ ਨਾਲ ਜੁੜੀ ਮਦਦ ਅਤੇ ਹੋਰ ਸਾਜ਼ੋ-ਸਾਮਾਨ ਅਤੇ ਐਮਰਜੈਂਸੀ ਭੋਜਨ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਮਨੁੱਖੀ ਸਹਾਇਤਾ ਨਾਲ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਲਾਭ ਹੋਵੇਗਾ ਨਾ ਕਿ ਤਾਲਿਬਾਨ ਨੂੰ, ਜਿਨ੍ਹਾਂ ਨੂੰ ਅਸੀਂ ਉਨ੍ਹਾਂ ਵਲੋਂ ਕੀਤੀਆਂ ਗਈਆਂ ਵਚਨਬੱਧਤਾਵਾਂ ਲਈ ਜਵਾਬਦੇਹ ਠਹਿਰਾਉਂਦੇ ਹਾਂ।
ਬਲਿੰਕਨ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਅਫ਼ਗ਼ਾਨਿਸਤਾਨ ਦੇ ਗੁਆਂਢੀਆਂ ਨੇ ਲੰਮੇ ਸਮੇਂ ਤੋਂ ਦੁਨੀਆ ਦੇ ਸੱਭ ਤੋਂ ਵੱਡੇ ਅਤੇ ਸੱਭ ਤੋਂ ਲੰਮੇ ਸ਼ਰਨਾਰਥੀ ਹਾਲਾਤਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦਾ ਧਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਅੰਤਰਰਾਸ਼ਟਰੀ ਸੁਰੱਖਿਆ ਦੀ ਮੰਗ ਕਰਨ ਵਾਲੇ ਅਫ਼ਗ਼ਾਨ ਲੋਕਾਂ ਲਈ ਅਪਣੀਆਂ ਸਰਹੱਦਾਂ ਖੁਲ੍ਹੀਆਂ ਰੱਖਣ। ਬਲਿੰਕੇਨ ਨੇ ਕਿਹਾ ਕਿ ਇਸ ਨਵੀਂ ਮਨੁੱਖੀ ਸਹਾਇਤਾ ਜ਼ਰੀਏ ਅਸੀਂ ਅਫ਼ਗ਼ਾਨ ਸ਼ਰਨਾਰਥੀਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਇਸ ਖੇਤਰ ਵਿਚ ਅਪਣੇ ਭਾਈਵਾਲਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਨਾਲ ਹੀ ਅਸੀਂ ਅਫ਼ਗ਼ਾਨਿਸਤਾਨ ਵਿਚ ਲੋੜਵੰਦਾਂ ਦੀ ਮਦਦ ਕਰਨਾ ਜਾਰੀ ਰੱਖਾਂਗੇ। (ਏਜੰਸੀ)