ਗਾਜ਼ੀਪੁਰ 'ਚ ਕਿਸਾਨਾਂ ਦੇ ਪ੍ਰਦਰਸ਼ਨ ਵਾਲੇ ਸਥਾਨ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਗਾਜ਼ੀਪੁਰ 'ਚ ਕਿਸਾਨਾਂ ਦੇ ਪ੍ਰਦਰਸ਼ਨ ਵਾਲੇ ਸਥਾਨ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ

image

ਗਾਜ਼ੀਆਬਾਦ, 29 ਅਕਤੂਬਰ : ਦਿੱਲੀ-ਉਤਰ ਪ੍ਰਦੇਸ਼ ਸਰਹੱਦ ਨੇੜੇ ਗਾਜ਼ੀਪੁਰ ਵਿਚ ਕਿਸਾਨਾਂ ਦੇ ਅੰਦੋਲਨ ਸਥਾਨ ਤੋਂ ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ  ਬੈਰੀਕੇਡ ਅਤੇ ਕੰਡਿਆਲੀ ਤਾਰ ਹਟਾਉਣ ਦਾ ਕੰਮ ਸ਼ੁਰੂ ਕਰ ਦਿਤਾ | ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੀ 26 ਜਨਵਰੀ ਨੂੰ  ਦਿੱਲੀ ਵਿਚ 'ਟਰੈਕਟਰ ਪਰੇਡ' ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੇ ਉਥੇ ਲੋਹੇ ਅਤੇ ਸੀਮੈਂਟ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਲਗਾ ਦਿਤੀ ਸੀ | ਪੁਲਿਸ ਡਿਪਟੀ ਕਮਿਸ਼ਨਰ (ਪੂਰਬ) ਪਿ੍ਯੰਕਾ ਕਸ਼ਅਪ ਨੇ ਸ਼ੁਕਰਵਾਰ ਨੂੰ  ਦਸਿਆ ,''ਰਾਸ਼ਟਰੀ ਰਾਜਮਾਰਗ-9 ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਅਸਥਾਈ ਬੈਰੀਕੇਡਾਂ ਨੂੰ  ਵਾਹਨਾਂ ਦੀ ਆਵਾਜਾਈ ਆਸਾਨ ਬਣਾਉਣ ਲਈ ਹਟਾਇਆ ਜਾ ਰਿਹਾ ਹੈ | ਉਥੇ ਹੀ ਰਾਸ਼ਟਰੀ ਰਾਜਮਾਰਗ-24 ਆਵਾਜਾਈ ਲਈ ਖੁਲ੍ਹਾ ਹੈ |
  ਸੜਕ ਖੁਲ੍ਹਣ ਨਾਲ ਗਾਜ਼ੀਆਬਾਦ, ਦਿੱਲੀ, ਨੋਇਡਾ ਦੇ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਰਾਸ਼ਟਰੀ ਰਾਜਧਾਨੀ ਅਤੇ ਉਤਰ ਪ੍ਰਦੇਸ਼ ਦੇ ਅੰਦਰੂਨੀ ਇਲਾਕਿਆਂ ਤੋਂ ਮੇਰਠ ਅਤੇ ਉਸ ਤੋਂ ਅੱਗੇ ਜਾਣ ਵਾਲੇ ਲੋਕਾਂ ਨੂੰ  ਮਦਦ ਮਿਲੇਗੀ | ਪੁਲਿਸ ਅਧਿਕਾਰੀ ਅਤੇ ਮਜ਼ਦੂਰ ਗਾਜ਼ੀਪੁਰ ਵਿਚ ਰਾਸ਼ਟਰੀ ਰਾਜਮਾਰਗ-9 'ਤੇ ਲਗਾਈਆਂ ਗਈਆਂ ਲੋਹੇ ਦੀਆਂ ਕਿੱਲਾਂ ਨੂੰ  ਵੀ ਹਟਾਉਂਦੇ ਹੋਏ ਦੇਖੇ ਗਏ, ਜਿਥੇ ਸੈਂਕੜੇ ਕਿਸਾਨ ਨਵੰਬਰ 2020 ਤੋਂ ਸੜਕਾਂ 'ਤੇ ਡਟੇ ਹੋਏ ਹਨ | ਜ਼ਿਆਦਾਤਰ ਕਿਸਾਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨਾਲ ਸਬੰਧਤ ਹਨ | ਖੇਤੀ ਕਾਨੂੰਨਾਂ ਵਿਰੁਧ ਵੱਖ-ਵੱਖ ਕਿਸਾਨ ਸੰਗਠਨਾਂ ਦੇ ਪ੍ਰਦਰਸ਼ਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਕਰ ਰਿਹਾ ਹੈ |
  ਰੁਕਾਵਟਾਂ ਹਟਾਉਣ ਦਾ ਕੰਮ ਸਰਬ ਉੱਚ ਅਦਾਲਤ ਦੇ 21 ਅਕਤੂਬਰ ਦੇ ਹੁਕਮ ਤੋਂ ਬਾਅਦ ਕੀਤਾ ਜਾ ਰਿਹਾ ਹੈ, ਜਿਸ ਵਿਚ ਚੋਟੀ ਦੀ ਅਦਾਲਤ ਨੇ ਦਿੱਲੀ ਦੇ ਸਰਹੱਦੀ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਵਿਚ ਵਿਰੋਧ ਪ੍ਰਦਰਸ਼ਨਾਂ ਕਾਰਨ ਬੰਦ ਹੋਈਆਂ ਸੜਕਾਂ ਨੂੰ  ਖੋਲ੍ਹਣ ਲਈ ਕਿਹਾ ਸੀ | ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਟਿਕਰੀ ਬਾਰਡਰ ਤੋਂ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਵੀਰਵਾਰ ਰਾਤ ਕਿਹਾ ਸੀ ਕਿ ਪੁਲਿਸ ਵਲੋਂ ਲਗਾਏ ਕੁੱਝ ਬੈਰੀਕੇਡਾਂ ਨੂੰ  ਹਟਾ ਦਿਤਾ ਗਿਆ ਹੈ | ਸੁਪਰੀਮ ਕੋਰਟ ਨੇ 21 ਅਕਤੂਬਰ ਨੂੰ  ਕਿਹਾ ਸੀ ਕਿ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਨੂੰ  ਪ੍ਰਦਰਸ਼ਨ ਕਰਨ ਦਾ ਅਧਿਕਾਰੀ ਹੈ, ਪਰ ਉਹ ਅਣਮਿਥੇ ਸਮੇਂ ਲਈ ਸੜਕਾਂ ਜਾਮ ਨਹੀਂ ਕਰ ਸਕਦੇ | (ਪੀਟੀਆਈ)