ਜੇ ਹੁਣ 1 ਮਹੀਨੇ 'ਚ ਇਨਸਾਫ਼ ਨਾ ਮਿਲਿਆ ਤਾਂ FIR ਵਾਪਸ ਲੈ ਕੇ ਦੇਸ਼ ਛੱਡ ਦੇਵਾਂਗਾ - ਬਲਕੌਰ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

 ਪੰਜਾਬ ਪੁਲਿਸ ਨੂੰ 25 ਨਵੰਬਰ ਤੱਕ ਦਾ ਦਿੱਤਾ ਅਲਟੀਮੇਟਮ 

Balkaur Singh

 

ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਉਹਨਾਂ ਦੇ ਘਰ ਆਏ ਲੋਕਾਂ ਨੂੰ ਸੰਬੋਧਨ ਕੀਤਾ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਹੋ ਗਏ ਹਨ, ਪਰ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਮੈਨੂੰ ਕਾਨੂੰਨ 'ਤੇ ਭਰੋਸਾ ਸੀ, ਇਸੇ ਲਈ ਹੁਣ ਤੱਕ ਕਿਤੇ ਵੀ ਧਰਨਾ ਨਹੀਂ ਦਿੱਤਾ ਗਿਆ, ਪਰ ਹੁਣ ਸਰਕਾਰ ਨਹੀਂ ਸੁਣ ਰਹੀ। 

ਮੂਸੇਵਾਲਾ ਨੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਰਹਿਣ ਦੀ ਬਜਾਏ ਆਪਣੇ ਦੇਸ਼ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ ਪਰ ਪੰਜਾਬ ਵਿਚ ਗੈਂਗਸਟਰਾਂ ਨੇ ਜਾਲ ਬੁਣ ਕੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ 25 ਨਵੰਬਰ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ ਡੀਜੀਪੀ ਨਾਲ ਗੱਲ ਕਰਕੇ ਪੁੱਤਰ ਸ਼ੁੱਭਦੀਪ ਮੂਸੇਵਾਲਾ ਦੇ ਕਤਲ ਦੀ ਐਫਆਈਆਰ ਵਾਪਸ ਲੈ ਲੈਣਗੇ ਤੇ ਮੈਂ ਵੀ ਉਸੇ ਰਸਤੇ 'ਤੇ ਚੱਲਾਂਗਾ ਜੋ ਮੇਰੇ ਪੁੱਤਰ ਨੇ ਚਲਾਇਆ ਸੀ। ਉਹਨਾਂ ਨੇ ਇਨਸਾਫ਼ ਨਾ ਮਿਲਣ 'ਤੇ ਦੇਸ਼ ਛੱਡਣ ਤੇ ਸੁਰੱਖਿਆ ਵਾਪਸ ਕਰਨ ਦੀ ਵੀ ਗੱਲ ਕਹੀ ਹੈ। 

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਹੁਣ ਐਨਆਈਏ ਸਿੱਧੂ ਦਾ ਪੱਖ ਰੱਖਣ ਵਾਲਿਆਂ ਨੂੰ ਵੀ ਸੰਮਨ ਭੇਜ ਰਹੀ ਹੈ। ਸਿੱਧੂ ਦਾ ਮੋਬਾਈਲ, ਪਿਸਤੌਲ ਤੇ ਹੋਰ ਸਾਮਾਨ ਐਨਆਈਏ ਕੋਲ ਹੀ ਹੈ ਜਿਵੇਂ ਉਹ ਚਾਹੁੰਦੇ ਸੀ। ਮੂਸੇਵਾਲਾ ਦਾ ਗੈਂਗਸਟਰਾਂ ਨਾਲ ਕੋਈ ਸਬੰਧ ਨਹੀਂ ਹੈ ਪਰ ਏਜੰਸੀਆਂ ਉਸ ਨੂੰ ਗੈਂਗਸਟਰਾਂ ਨਾਲ ਜੋੜਨ 'ਤੇ ਤੁਲੀਆਂ ਹੋਈਆਂ ਹਨ।  

ਉਹਨਾਂ ਕਿਹਾ ਕਿ ਮੂਸੇਵਾਲਾ ਵਿਦੇਸ਼ ਵਿਚ ਇੱਕ ਸ਼ੋਅ ਲਈ ਸਵਾ ਕਰੋੜ ਰੁਪਏ ਲੈ ਰਿਹਾ ਹੈ। ਉਹ ਕੁੱਝ ਪੈਸਿਆਂ ਲਈ ਗੈਂਗਸਟਰਾਂ ਨਾਲ ਸਬੰਧ ਕਿਉਂ ਰੱਖੇਗਾ? ਸੀਆਈਏ ਇੰਚਾਰਜ ਗੈਂਗਸਟਰਾਂ ਨਾਲ ਪਾਰਟੀਆਂ ਕਰ ਰਿਹਾ ਹੈ ਪਰ ਸਰਕਾਰ ਅੱਖਾਂ ਮੀਟੀ ਬੈਠੀ ਹੈ। ਇਸ ਦੇ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ 'ਚ ਕੋਈ ਵੀ ਕਲਾਕਾਰ ਮੂਸੇਵਾਲਾ ਦੇ ਹੱਕ 'ਚ ਖੁੱਲ੍ਹ ਕੇ ਨਹੀਂ ਆਇਆ, ਜੇਕਰ ਕੋਈ ਆਇਆ ਹੈ ਤਾਂ ਸਿਰਫ 2 ਕੁੜੀਆਂ ਹੀ ਹਨ ਤੇ ਉਹਨਾਂ ਨੂੰ ਵੀ ਸੰਮਨ ਭੇਜੇ ਜਾ ਰਹੇ ਹਨ। NIA ਨੇ ਹੁਣ ਤੱਕ ਦਿੱਲੀ 'ਚ ਰਹਿਣ ਵਾਲੇ ਲਾਰੈਂਸ ਦੇ ਖ਼ਾਸ ਲੋਕਾਂ ਤੋਂ ਪੁੱਛਗਿੱਛ ਵੀ ਨਹੀਂ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਸੀ.ਆਈ.ਏ ਇੰਚਾਰਜ ਨੂੰ ਰੱਬ ਸਮਝਦਾ ਸੀ ਪਰ ਉਸ ਨੇ ਵੀ ਧੋਖਾ ਦਿੱਤਾ।