ਪੰਜਾਬ 'ਚ ਪਰਾਲੀ ਸਾੜਨ ਨੂੰ ਲੈ ਕੇ ਮਾਨ ਸਰਕਾਰ ਸਖ਼ਤ, 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ

ਏਜੰਸੀ

ਖ਼ਬਰਾਂ, ਪੰਜਾਬ

ਸੈਟੇਲਾਈਟ ਨੇ ਸੂਬੇ ਭਰ 'ਚ ਪਰਾਲੀ ਸਾੜਨ ਦੀਆਂ ਕੁੱਲ 2067 ਘਟਨਾਵਾਂ ਦਰਜ ਕੀਤੀਆਂ ਹਨ

Mann government is strict about stubble burning in Punjab

 

ਚੰਡੀਗੜ੍ਹ: ਪੰਜਾਬ 'ਚ ਪਰਾਲੀ ਸਾੜਨ ਨੂੰ ਲੈ ਕੇ ਮਾਨ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਇਸ ਦੇ ਮੱਦੇਨਜ਼ਰ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਇਨ੍ਹਾਂ 4 ਅਧਿਕਾਰੀਆਂ ਨੂੰ ਆਪਣੇ ਕੰਮ 'ਚ ਕੋਤਾਹੀ ਵਰਤਣ ਕਰ ਕੇ ਤੁਰੰਤ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ 'ਚ ਹਰਬੰਸ ਸਿੰਘ (ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ), ਸਤੀਸ਼ ਕੁਮਾਰ (ਖੇਤੀਬਾੜੀ ਅਫ਼ਸਰ ਸਮਾਣਾ, ਪਟਿਆਲਾ), ਹਰਪਾਲ ਸਿੰਘ (ਖੇਤੀਬਾੜੀ ਅਫ਼ਸਰ, ਚੋਹਲਾ ਸਾਹਿਬ, ਤਰਨਤਾਰਨ) ਅਤੇ ਭੁਪਿੰਦਰ ਸਿੰਘ (ਖੇਤੀਬਾੜੀ ਅਫ਼ਸਰ, ਪੱਟੀ, ਤਰਨਤਾਰਨ) ਸ਼ਾਮਲ ਹਨ। 

ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ 10,214 ਤੱਕ ਪਹੁੰਚ ਗਈਆਂ ਹਨ। ਇਹ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ। 2021 'ਚ 28 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 7503 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜੋ ਇਸ ਵਾਰ 2711 ਦੇ ਨਾਲ ਵੱਧ ਕੇ 10,214 ਹੋ ਗਈਆਂ ਹਨ।

ਇਸ ਸਾਲ ਇਹ ਵੀ ਪਹਿਲੀ ਵਾਰ ਹੈ ਕਿ ਇਕ ਦਿਨ 'ਚ 2,000 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। 28 ਅਕਤੂਬਰ ਨੂੰ ਸੈਟੇਲਾਈਟ ਨੇ ਸੂਬੇ ਭਰ 'ਚ ਪਰਾਲੀ ਸਾੜਨ ਦੀਆਂ ਕੁੱਲ 2067 ਘਟਨਾਵਾਂ ਦਰਜ ਕੀਤੀਆਂ ਹਨ, ਜੋ ਇਸ ਵਾਰ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਹੀ ਸਭ ਤੋਂ ਵੱਧ 1238 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਹੋਈਆਂ ਸਨ।