Bathinda News: ਵਿਧਾਇਕ ਦਾ ਫ਼ਰਜ਼ੀ ਪੀਏ ਬਣ ਠੱਗੇ 2.20 ਲੱਖ ਰੁਪਏ, ਕੇਸ ਰੱਦ ਕਰਵਾਉਣ ਦਾ ਦਿੱਤਾ ਸੀ ਝਾਂਸਾ
ਪੁਲਿਸ ਨੇ ਵਿਧਾਇਕ ਦਾ ਪੀਏ ਦੱਸ ਕੇ ਕੇਸ ਰੱਦ ਕਰਵਾਉਣ ਲਈ 2.20 ਲੱਖ ਰੁਪਏ ਹੜੱਪਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
ਬਠਿੰਡਾ: ਬਠਿੰਡਾ ਪੁਲਿਸ ਨੇ ਵਿਧਾਇਕ ਦਾ ਪੀਏ ਦੱਸ ਕੇ ਕੇਸ ਰੱਦ ਕਰਵਾਉਣ ਲਈ 2.20 ਲੱਖ ਰੁਪਏ ਹੜੱਪਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਕਈ ਹੋਰ ਲੋਕਾਂ ਨਾਲ ਵੀ ਧੋਖਾਧੜੀ ਕੀਤੀ ਹੈ।
ਥਾਣਾ ਸਿਵਲ ਲਾਈਨ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਪਿੰਡ ਮੱਲਵਾਲਾ ਕਦੀਮ ਦੀ ਬਲਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਥਾਣਾ ਬਾਲਿਆਂਵਾਲੀ ਵਿਚ ਕੇਸ ਦਰਜ ਕੀਤਾ ਗਿਆ ਸੀ। ਬਲਜੀਤ ਕੌਰ ਨੇ ਇਸ ਨੂੰ ਗਲਤ ਦੱਸਦਿਆਂ ਕੇਸ ਰੱਦ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ।
ਇਸ ਦੌਰਾਨ ਉਸ ਦੀ ਮੁਲਾਕਾਤ ਫ਼ਿਰੋਜ਼ਪੁਰ ਦੇ ਸਤਨਾਮ ਸਿੰਘ ਅਤੇ ਕਪੂਰਥਲਾ ਦੇ ਅੰਗਰੇਜ਼ ਸਿੰਘ ਨਾਲ ਹੋਈ। ਉਨ੍ਹਾਂ ਨੇ ਆਪਣੇ ਆਪ ਨੂੰ ਕਾਂਗਰਸੀ ਵਿਧਾਇਕ (ਹੁਣ ਸਾਬਕਾ) ਸਤਕਾਰ ਕੌਰ ਦਾ ਪੀਏ ਦੱਸਿਆ ਹੈ। ਦੋਵਾਂ ਨੇ ਦੱਸਿਆ ਕਿ ਉਹ ਸੀਨੀਅਰ ਅਧਿਕਾਰੀਆਂ ਨਾਲ ਜਾਣੂ ਹਨਅਤੇ ਉਹ ਕੇਸ ਰੱਦ ਕਰਵਾ ਦੇਣਗੇ। ਇਸ ਦੇ ਬਦਲੇ ਉਨ੍ਹਾਂ ਨੇ 2 ਲੱਖ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਹਾਲਾਂਕਿ ਇਸ ਤੋਂ ਬਾਅਦ ਨਾ ਤਾਂ ਕੇਸ ਰੱਦ ਹੋਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਬਲਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਪੁੱਤਰੀ ਪਵਨਪ੍ਰੀਤ ਕੌਰ ਵਾਸੀ ਕੋਟਬਖਤੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਕੇਸ ਵਿਚ ਮੁਲਜ਼ਮਾਂ ਨੇ ਬਲਜੀਤ ਕੌਰ ਨੂੰ ਰਾਜ਼ੀਨਾਮਾ ਕਰਾਉਣ ਦਾ ਲਾਲਚ ਦਿੱਤਾ ਸੀ ਪਰ ਉਨ੍ਹਾਂ ਨੇ ਪੈਸੇ ਵੀ ਲੈ ਲਏ ਅਤੇ ਰਾਜ਼ੀਨਾਮਾ ਵੀ ਨਹੀਂ ਕਰਵਾਇਆ।