‘ਆਪ’ ਆਗੂ ਨੀਤਿਨ ਨੰਦਾ ’ਤੇ ਗੋਲੀ ਚਲਾਉਣ ਵਾਲਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਪੁਲਿਸ ਦਾ ਰਿਟਾਇਰਡ ਡੀ.ਐਸ.ਪੀ. ਹੈ ਦਿਲਸ਼ੇਰ ਸਿੰਘ ਰਾਣਾ

Man who shot at AAP leader Nitin Nanda arrested

ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਵਿਚ ਇਕ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨੀਤਿਨ ਨੰਦਾ ’ਤੇ ਗੋਲੀ ਚਲਾਉਣ ਵਾਲੇ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦਾ ਮੁੱਖ ਆਰੋਪੀ ਦਿਲਸ਼ੇਰ ਸਿੰਘ ਰਾਣਾ ਹੈ ਜੋ ਚੰਡੀਗੜ੍ਹ ਪੁਲਿਸ ਦਾ ਸਾਬਕਾ ਡੀ.ਐਸ.ਪੀ. ਹੈ ਜਿਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਤਿੰਨ ਹੋਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਐਸ.ਐਸ.ਪੀ. ਰੂਪਨਗਰ ਵੱਲੋਂ ਸ੍ਰੀ ਆਨੰਦਪੁਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦਿਲਸ਼ੇਰ ਸਿੰਘ ਰਾਣਾ ਆਤਮ ਸਮਰਪਣ ਕਰਨ ਲਈ ਜਾ ਰਿਹਾ ਸੀ ਪਰ ਉਸ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਕਿ ਇਸ ਝਗੜਾ ਦਾ ਮੁੱਖ ਕਾਰਨ ਪ੍ਰਾਪਰਟੀ ਵਿਵਾਦ ਦੱਸਿਆ ਜਾ ਰਿਹਾ ਹੈ ਅਤੇ ਆਰੋਪੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਵਿਆਹ ਸਮਾਗਮ ਦੌਰਾਨ ‘ਆਪ’ ਆਗੂ ਨੀਤਿਨ ਨੰਦਾ ’ਤੇ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀ.ਐਸ.ਪੀ. ਦਿਲਸ਼ੇਰ ਸਿੰਘ ਰਾਣਾ ਵੱਲੋਂ ਤਿੰਨ ਫਾਇਰ ਕੀਤੇ ਗਏ। ਜਿਨ੍ਹਾਂ ਵਿਚੋਂ ਇਕ ਗੋਲੀ ਨੀਤਿਨ ਨੰਦਾ ਸਿਰ ਦੇ ਪਿਛਲੇ ਪਾਸੇ ਲੱਗੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਨੀਤਿਨ ਨੰਦਾ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।