ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂੰਪੁਰ ’ਚ ਕੂੜਾ ਸੁੱਟਣ ਦੇ ਮਾਮਲੇ ’ਚ ਧਾਰਿਆ ਹਿੰਸਕ ਰੂਪ ਤੇਜ਼ਧਾਰ ਹਥਿਆਰਾਂ ਨਾਲ
ਤੇਜ਼ਧਾਰ ਹਥਿਆਰਾਂ ਨਾਲ ਘਰ ’ਤੇ ਕੀਤਾ ਗਿਆ ਹਮਲਾ, ਮਹਿਲਾ ਸਮੇਤ 4 ਹੋਏ ਜ਼ਖਮੀ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂੰਪੁਰ ’ਚ ਸਥਿਤ ਭਾਈ ਜੈਤੋ ਸਿੰਘ ਕਲੋਨੀ ਵਿੱਚ ਇੱਕ ਘਰ ’ਚ ਦਾਖਲ ਹੋ ਕੁਝ ਲੋਕਾਂ ਵੱਲੋਂ ਕੀਤੇ ਗਏ ਹਮਲੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਿਆਨ ਸਿੰਘ ਅਤੇ ਉਸ ਦਾ ਪੁੱਤਰ ਕਰਨ ਨੇ ਆਪਣੀ ਰੰਜਿਸ਼ ਦੇ ਚਲਦੇ ਲਗਭਗ 20–25 ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਕੰਵਲਜੀਤ ਸਿੰਘ ਦੇ ਘਰ ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ।
ਪੀੜਤ ਪਰਿਵਾਰ ਦੀਆਂ ਮਹਿਲਾਵਾਂ ਸਲੋਨੀ ਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਖਾਲੀ ਪਲਾਟ ਜੈਤਾ ਸਿੰਘ ਕਲੋਨੀ ਵਿੱਚ ਹੈ, ਜਿੱਥੇ ਗਿਆਨ ਸਿੰਘ ਅਤੇ ਉਸਦਾ ਪੁੱਤਰ ਕਰਨ ਜਾਣ-ਬੁੱਝ ਕੇ ਕੂੜਾ ਸੁੱਟਦੇ ਸਨ। ਜਦੋਂ ਪਰਿਵਾਰ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਬਦਲਾ ਲੈਣ ਦੀ ਨੀਅਤ ਨਾਲ ਘਰ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਵਿੱਚ ਵੜ ਕੇ ਕੰਵਲਜੀਤ ਸਿੰਘ ਤੇ ਉਸ ਦੇ ਪੁੱਤਰ ਰਮਨਦੀਪ ਸਿੰਘ ਨੂੰ ਬੇਰਹਮੀ ਨਾਲ ਕੁੱਟਿਆ। ਜਦੋਂ ਪਰਿਵਾਰ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨਾਲ ਵੀ ਮਾਰਕੁੱੱਟ ਅਤੇ ਬਦਸਲੂਕੀ ਕੀਤੀ ਗਈ।
ਪਰਿਵਾਰ ਵੱਲੋਂ ਦੱਸਿਆ ਗਿਆ ਕਿ ਹਮਲਾਵਰਾਂ ਨੇ ਇੱਟਾਂ-ਰੋੜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਘਰ ਦਾ ਕਾਫੀ ਨੁਕਸਾਨ ਕੀਤਾ। ਹਮਲੇ ਦੌਰਾਨ ਇੱਕ ਮਹਿਲਾ ਸਮੇਤ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਸਬੰਧੀ ਥਾਣਾ ਮੁਖੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਟਨਾ ਕੂੜਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਵਾਪਰੀ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਸ਼ਾਂਤੀ ਕਾਇਮ ਰਹੇ।