ਕਿਸਾਨਾਂ ਦੀਆਂ ਸੰਵਿਧਾਨਕ ਤੇ ਜਾਇਜ਼ ਨੂੰ ਕੇਂਦਰ ਪਹਿਲ ਦੇ ਆਧਾਰ ’ਤੇ ਹੱਲ ਕਰੇ : ਢੀਂਡਸਾ
ਪਾਰਟੀ ਵਰਕਰਾਂ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਕੇਂਦਰ ਸਰਕਾਰ ਨੂੰ ਆਖਿਆ ਹੈ ਕਿ ਉਹ ਦੇਸ਼ ਦੇ ਸੰਘਰਸ਼ ਕਰ ਰਹੇ ਅਨੰਦਾਤੇ ਦੀਆਂ ਵਾਜਬ ਮੰਗਾਂ ਪਹਿਲ ਦੇ ਆਧਾਰ ਤੇ ਮੰਨ ਕੇ ਮਸਲੇ ਦਾ ਨਿਪਟਾਰਾ ਕਰੇ। ਪਾਰਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੀਆਂ ਖੇਤੀ ਕਾਨੂੰਨਾਂ ਬਾਰੇ ਮੰਗਾਂ ਬਿਲਕੁਲ ਵਾਜਬ ਤੇ ਸੰਵਿਧਾਨਕ ਹਨ। ਇਸ ਕਰ ਕੇ ਕੇਂਦਰ ਛੇਤੀ ਇਨ੍ਹਾਂ ਮੰਗਾਂ ਨੂੰ ਪੂਰੀ ਕਰ ਕੇ ਅੰਨਦਾਤਿਆਂ ਨੂੰ ਰਾਹਤ ਦੇਵੇ।
ਸ. ਸੁਖਦੇਵ ਸਿੰਘ ਢੀਂਡਸਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਕਿਸਾਨਾਂ ਨੂੰ ਖ਼ਾਲਿਸਤਾਨੀ ਕਰਾਰ ਦੇਣ ਦੀ ਵੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ਼ਾਰਿਆਂ ’ਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਪਹਿਲਾਂ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਰੋਕਣ ਲਈ ਅਪਣੀਆਂ ਸਰਹੱਦਾਂ ਸੀਲ ਕੀਤੀਆਂ। ਉਸਤੋਂ ਬਾਅਦ ਜਦੋਂ ਕਿਸਾਨ ਸੰਘਰਸ਼ ਲਈ ਦਿੱਲੀ ਕੂਚ ਕਰਨ ਲੱਗੇ ਤਾਂ ਉਨ੍ਹਾਂ ਉਤੇ ਪੁਲਿਸ ਵਲੋਂ ਤਸ਼ੱਦਦ ਢਾਹਿਆ ਗਿਆ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਫੌਰੀ ਕਿਸਾਨਾਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਲਈ ਕਿਹਾ ਹੈ। ਸ. ਢੀਂਡਸਾ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਵਲੋਂ ਕੀਤੀ ਜਾ ਰਹੀ ਵਾਜਬ ਪੇਸ਼ਕਸ਼ ਬਾਰੇ ਵਿਚਾਰ ਕਰਨ ਤਾਂ ਕਿ ਇਹ ਮਸਲਾ ਸ਼ਾਂਤਮਈ ਢੰਗ ਨਾਲ ਨਿਪਟ ਸਕੇ। ਸ. ਢੀਂਡਸਾ ਨੇ ਅਪਣੇ ਪਾਰਟੀ ਵਰਕਰਾਂ ਨੂੰ ਰੋਸ਼ ਮਜ਼ਾਹਰੇ ਕਰ ਰਹੇ ਕਿਸਾਨਾਂ ਵਾਸਤੇ ਹਰ ਸੰਭਵ ਮਦਦ ਪਹੁੰਚਾਉਣ ਦੀ ਵੀ ਅਪੀਲ ਕੀਤੀ ਹੈ।