ਚੁੱਪ-ਚੁਪੀਤੇ ਨਰਮੇ ਦੇ ਸਮਰਥਨ ਮੁਲ 'ਚ 60 ਰੁਪਏ ਲਗਾਇਆ 'ਕੁਆਲਟੀ ਕੱਟ'

ਏਜੰਸੀ

ਖ਼ਬਰਾਂ, ਪੰਜਾਬ

ਚੁੱਪ-ਚੁਪੀਤੇ ਨਰਮੇ ਦੇ ਸਮਰਥਨ ਮੁਲ 'ਚ 60 ਰੁਪਏ ਲਗਾਇਆ 'ਕੁਆਲਟੀ ਕੱਟ'

image

ਬਠਿੰਡਾ, 29 ਨਵੰਬਰ (ਸੁਖਜਿੰਦਰ ਮਾਨ) : ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ 'ਚ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਇਕ ਹੋਰ ਆਰਥਕ ਝਟਕਾ ਦਿੰਦਿਆਂ ਸੀਸੀਆਈ ਨੇ ਨਰਮੇ ਦੇ ਸਮਰਥਨ ਮੁਲ ਵਿਚ 60 ਰੁਪਏ ਦਾ ਕੱਟ ਲਗਾ ਦਿਤਾ ਹੈ। ਭਾਰਤੀ ਕਪਾਹ ਨਿਗਮ ਦੇ ਇਸ ਫ਼ੈਸਲੇ ਨਾਲ ਪੰਜਾਬ ਦੀ ਨਰਮਾ ਉਤਪਾਦਕ ਬੇਲਟ ਮੰਨੇ ਜਾਂਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫ਼ਰੀਦਕੋਟ, ਫ਼ਾਜ਼ਿਲਕਾ ਦੇ ਕਿਸਾਨਾਂ ਨੂੰ ਕਰੋੜਾਂ ਰੁਪਇਆਂ ਦਾ ਆਰਥਕ ਘਾਟਾ ਪਵੇਗਾ। ਸੂਚਨਾ ਮੁਤਾਬਕ ਇਹ ਫ਼ੈਸਲਾ ਵੀ ਕਿਸਾਨਾਂ ਵਲੋਂ ਦਿਤੇ ਦਿੱਲੀ ਘਿਰਾਉ ਦੇ ਸੱਦੇ ਤੋਂ ਮਹਿਜ਼ ਇਕ ਦਿਨ ਪਹਿਲਾਂ ਕੀਤਾ ਗਿਆ ਹੈ।
ਸੂਚਨਾ ਮੁਤਾਬਕ 24 ਨਵੰਬਰ ਤਕ ਐਲਾਨੇ ਸਮਰਥਨ ਮੁਲ 5725 ਰੁਪਏ ਦੇ ਹਿਸਾਬ ਨਾਲ ਨਰਮੇ ਦੀ ਖ਼ਰੀਦ ਕੀਤੀ ਗਈ ਪ੍ਰੰਤੂ 25 ਨਵੰਬਰ ਤੋਂ 5665 ਰੁਪਏ ਪ੍ਰਤੀ ਕੁਇੰਟਲ ਕਰ ਦਿਤੀ ਹੈ। ਇਸ ਸਬੰਧੀ ਸੀ.ਸੀ.ਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਰਮੇ ਦੀ
ਕੁਆਲਿਟੀ ਸਹੀ ਨਾ ਹੋਣ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ। ਉਧਰ ਨਿਗਮ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਇਹ ਕੁਆਲਿਟੀ ਕੱਟ ਨਹੀਂ ਰੰਜ਼ਿਸ ਕੱਟ ਲਾਇਆ ਹੈ, ਜਦੋਂ ਕਿ ਹੁਣ ਪੰਜਾਬ ਦੇ ਕਿਸਾਨਾਂ ਦਾ ਨਰਮਾ ਸੁੱਕਾ, ਸਾਫ਼, ਵਧੀਆ ਕੁਆਲਿਟੀ ਦਾ ਆ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਲਗਾਇਆ ਕੱਟ ਵਾਪਸ ਨਾ ਲਿਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


ਪੰਜ ਲੱਖ ਹੈਕਟੇਅਰ ਵਿਚ ਹੋਈ ਹੈ ਨਰਮੇ ਦੀ ਬੀਜਾਈ
ਬਠਿੰਡਾ: ਪਿਛਲੇ ਸਾਲ ਨਰਮੇ ਦੀ ਹੋਈ ਰੀਕਾਕਡ ਤੋੜ ਪੈਦਾਵਾਰ ਦੇ ਚਲਦਿਆਂ ਇਸ ਵਾਰ ਕਿਸਾਨਾਂ 'ਚ ਨਰਮੇ ਦੀ ਖੇਤੀ ਪ੍ਰਤੀ ਵੱਡਾ ਰੁਝਾਨ ਦੇਖਣ ਨੂੰ ਮਿਲਿਆ ਸੀ ਜਿਸ ਦੇ ਚਲਦਿਆਂ ਸੂਬੇ ਦੀ ਨਰਮਾ ਪੱਟੀ 'ਚ ਪੰਜ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋਈ ਸੀ ਜਿਸ ਵਿਚੋਂ ਪੌਣੇ ਦੋ ਲੱਖ ਹੈਕਟੇਅਰ ਰਕਬਾ ਇਕੱਲਾ ਬਠਿੰਡਾ ਜ਼ਿਲ੍ਹੇ ਵਿਚ ਪੈਂਦਾ ਹੈ।  ਬੇਸ਼ੱਕ ਕਿਸਾਨਾਂ ਨੇ ਨਰਮੇ ਦੀ ਖੇਤੀ ਵਲ ਜ਼ਿਆਦਾ ਉਤਸ਼ਾਹ ਦਿਖਾਇਆ ਸੀ ਪ੍ਰੰਤੂ ਇਸ ਵਾਰ ਇਸ ਦੀ ਪੈਦਾਵਾਰ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਖੇਤੀ ਮਾਹਰਾਂ ਮੁਤਾਬਕ ਚਾਲੂ ਸੀਜ਼ਨ 'ਚ ਨਰਮੇ ਦੇ ਝਾੜ ਵਿਚ ਦਸ ਫ਼ੀ ਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਸਾਲ ਪ੍ਰਤੀ ਏਕੜ 27 ਮਣ ਝਾੜ ਨਿਕਲਿਆ ਸੀ ਪ੍ਰੰਤੂ ਹੁਣ 23 ਮਣ ਤਕ ਹੀ ਝਾੜ ਆ ਰਿਹਾ ਹੈ।

ਇਸ ਖ਼ਬਰ ਨਾਲ ਸਬੰਧਤ ਫੋਟੋ 29 ਬੀਟੀਆਈ 03 ਨੰਬਰ ਵਿਚ ਭੇਜੀ ਜਾ ਰਹੀ ਹੈ।
ਇਸ ਖ਼ਬਰ ਨਾਲ ਜਰੂਰਤ ਮੁਤਾਬਕ ਨਰਮੇ ਦੀ ਢੇਰੀ ਦੀ ਫ਼ੋਟੋ ਲਗਾ ਲੈਣਾ ਜੀ।