ਬਾਬਾ ਬਲਬੀਰ ਸਿੰਘ ਨੇ ਤਿੰਨ ਖੇਤੀ ਕਾਨੂੰਨ ਵਾਪਸ ਹੋਣ ’ਤੇ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ

ਏਜੰਸੀ

ਖ਼ਬਰਾਂ, ਪੰਜਾਬ

ਬਾਬਾ ਬਲਬੀਰ ਸਿੰਘ ਨੇ ਤਿੰਨ ਖੇਤੀ ਕਾਨੂੰਨ ਵਾਪਸ ਹੋਣ ’ਤੇ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ

image

ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ’ਤੇ ਦਿਤੀ ਵਧਾਈ

ਅੰਮ੍ਰਿਤਸਰ, 29 ਨਵੰਬਰ (ਪੱਤਰ ਪ੍ਰੇਰਕ): ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਤਿੰਨ ਕਾਲੇ ਖੇਤੀ ਕਾਨੂੰਨ ਰਾਜ ਸਭਾ ਤੇ ਲੋਕ ਸਭਾ ਵਿਚ ਵਾਪਸ ਲੈਣ ਸਬੰਧੀ ਪੇਸ਼ ਹੋਣ ਉਪਰੰਤ ਪ੍ਰਵਾਨਗੀ ਦੀ ਮੋਹਰ ਲੱਗ ਜਾਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਸਰਕਾਰ ਦਾ ਵੀ ਧਨਵਾਦ ਕੀਤਾ ਹੈ। 
ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਘਰੋਂ ਬੇਘਰ ਹੋ ਕੇ ਸੰਘਰਸ਼ ਲੜ ਰਹੇ ਕਿਸਾਨਾਂ ਦੀ ਇਕਜੁਟਤਾ ਤੇ ਦਿ੍ਰੜਤਾ ਨੇ ਸਫ਼ਲਤਾ ਦੇ ਝੰਡੇ ਝੁਲਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵੱਡਾਪਨ ਕਿ ਦੋਹਾਂ ਸਦਨਾਂ ਵਿਚ ਵਾਪਸੀ ਲਈ ਬਿਲ ਪਾਸ ਹੋ ਗਏ ਹਨ। ਇਹ ਸੰਘਰਸ਼ ਕਿਸਾਨਾਂ ਦੀ ਜਿੱਤ ਹੋਈ ਹੈ। ਭਾਰਤ ਅੰਦਰ ਇਕ ਨਵਾਂ ਇਤਿਹਾਸ ਦਰਜ ਹੋਇਆ ਹੈ। ਹੁਣ ਸਰਕਾਰ ਸਮੁੱਚੇ ਕਿਸਾਨਾਂ ਨੂੰ ਐਮ.ਐਸ. ਪੀ. ਤੇ ਜਿਣਸਾਂ ਦੀ ਖ਼ਰੀਦ ਸਮਰਥਨ ਮੁਲ ਤੇ ਕਰਨ ਦੀ ਵੀ ਕਾਨੂੰਨੀ ਤੌਰ ਤੇ ਸਮੁੱਚੇ ਭਾਰਤ ਵਿਚ ਪਹਿਲਕਦਮੀ ਕਰੇ ਤਾਂ ਸਮੁੱਚਾ ਕਿਸਾਨ ਖ਼ੁਸ਼ਹਾਲ ਹੋਵੇਗਾ ਤੇ ਦੇਸ਼ ਮਜ਼ਬੂਤ ਹੋਵੇਗਾ। ਦੂਜੇ ਪਾਸੇ ਬਾਬਾ ਬਲਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਨਵ ਨਿਯੁਕਤ ਹੋਏ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ ਅਤੇ ਚੁਣੀ ਗਈ ਸਮੁੱਚੀ ਟੀਮ ਨੂੰ ਵਧਾਈ ਦਿਤੀ ਅਤੇ ਆਸ ਪ੍ਰਗਟਾਈ ਕਿ ਸਿੱਖ ਜਗਤ ਦੀਆਂ ਆਸਾਂ ਭਾਵਨਾਵਾਂ ਅਨੁਸਾਰ ਇਹ ਟੀਮ ਕੰਮ ਕਰੇਗੀ।