ਨਵਜੋਤ ਸਿੱਧੂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ, 'Single Window System ਲਿਆਵੇਗੀ ਕਾਂਗਰਸ'
ਸਭ ਤੋਂ ਵੱਧ ਬੇਰੁਜ਼ਗਾਰੀ ਅਕਾਲੀ ਦਲ ਦੀ ਸਰਕਾਰ ਸਮੇਂ ਪਿਛਲੇ ਦਸ ਸਾਲਾਂ ਵਿਚ ਵਧੀ ਹੈ।
ਲੁਧਿਆਣਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਮਾਡਲ ਨੂੰ ਲੈ ਕੇ ਗੱਲਬਾਤ ਕੀਤੀ ਤੇ ਵਿਰੋਧੀਆਂ 'ਤੇ ਨਿਸ਼ਾਨਾ ਵੀ ਸਾਧਿਆ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਥਾਂ-ਥਾਂ ਜਾ ਕੇ ਵੱਡੇ-ਵੱਡੇ ਵਾਅਦੇ ਕਰ ਰਹੇ ਹਨ ਪਰ ਸਭ ਤੋਂ ਵੱਧ ਬੇਰੁਜ਼ਗਾਰੀ ਅਕਾਲੀ ਦਲ ਦੀ ਸਰਕਾਰ ਸਮੇਂ ਪਿਛਲੇ ਦਸ ਸਾਲਾਂ ਵਿਚ ਵਧੀ ਹੈ।
ਸਿੱਧੂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਇਨਵੈਸਟਰ ਸਮਿਟ ’ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਲੋਂ ਜਿੰਨੇ ਨਿਵੇਸ਼ ਦਾ ਵਾਅਦਾ ਕੀਤਾ ਗਿਆ ਸੀ ਪੰਜਾਬ ਵਿਚ ਉਨਾ ਹੋਇਆ ਹੀ ਨਹੀਂ ਤੇ ਅਸੀਂ ਇਕ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ, ਜਿਸ ’ਚੋਂ 52 ਫੀਸਦੀ ਕਮਰਸ਼ੀਅਲ ਪ੍ਰੋਡਕਟਵਿਟੀ ਸ਼ੁਰੂ ਹੋ ਗਈ ਹੈ। ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ ਤੇ ਪੰਜਾਬ ਦੇ ਸੁਧਾਰ ਕਰਨ ਵਿਚ ਪੂਰਾ ਯੋਗਦਾਨ ਪਾਵੇਗੀ।
ਸਿੱਧੂ ਨੇ ਕਿਹਾ ਕਿ ਉਹ ਤਰਕਾਂ ਦੇ ਆਧਾਰ ’ਤੇ ਗੱਲ ਕਰਦੇ ਹਨ ਤੇ ਉਹਨਾਂ ਇਕੋ ਇਕ ਮੁੱਦਾ ਹੈ 'ਪੰਜਾਬ ਮਾਡਲ'। ਉਹਨਾਂ ਕਿਹਾ ਕਿ ਇਹੀ ਪੰਜਾਬ ਮਾਡਲ ਲੋਕਾਂ ਵਿਚ ਵਿਸ਼ਵਾਸ ਪੈਦਾ ਕਰੇਗਾ।ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਵਪਾਰੀਆਂ ਨਾਲ ਜੋ ਵਾਅਦੇ ਕਰ ਰਹੇ ਹਨ, ਉਹ ਸੱਤਾ ਵਿਚ ਰਹਿੰਦੇ ਸਮੇਂ ਵਪਾਰੀਆਂ ਅੰਦਰ ਭਰੋਸਾ ਪੈਦਾ ਨਹੀਂ ਕਰ ਸਕੇ ਹਨ
ਜਿਸ ਕਾਰਨ ਪੰਜਾਬ ਵਿਚ ਨਿਵੇਸ਼ ਨਹੀਂ ਹੋਇਆ ਹੈ ਪਰ ਕਾਂਗਰਸ ਵਪਾਰੀਆਂ ਲਈ ਅਨੁਕੂਲ ਮਾਹੌਲ ਪੈਦਾ ਕਰੇਗੀ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਸਿੱਧੂ ਨੇ ਅੱਗੇ ਹੈ ਕਿ ਸਰਕਾਰ ਵਲੋਂ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਿੰਗਲ ਵਿੰਡੋ ਸਿਸਟਮ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਾਂਗਰਸ ਪੰਜਾਬ ਮਾਡਲ ’ਤੇ ਕੰਮ ਕਰ ਰਹੀ ਹੈ ਅਤੇ ਇਸ ਦੇ ਸਾਕਾਰਾਤਮਕ ਨਤੀਜੇ ਜਲਦ ਸਾਹਮਣੇ ਆ ਜਾਣਗੇ।