ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਬੋਲੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ
ਕਿਹਾ, “ਭਾਜਪਾ ਪੰਜਾਬ 'ਚ ਇਕੱਲੇ ਚੋਣਾਂ ਲੜਣ ਦੇ ਸਮਰੱਥ”
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਭਾਜਪਾ ਨੂੰ ਕਿਸੇ ਨਾਲ ਗਠਜੋੜ ਦੀ ਲੋੜ ਨਹੀਂ। ਭਾਜਪਾ ਦਾ ਕੇਡਰ ਦਿਨ-ਬ-ਦਿਨ ਪੰਜਾਬ 'ਚ ਵਧ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਦੀ ਜ਼ਰੂਰਤ ਸਬੰਧੀ ਬਿਆਨ ਉਪਰੰਤ ਹੁਣ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਬਿਆਨ ਸਾਹਮਣੇ ਆਇਆ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਿਆਣੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ ਵਧ ਚੜ੍ਹ ਹਿੱਸਾ ਲਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਵੱਲੋਂ ਭਾਜਪਾ-ਅਕਾਲੀ ਗਠਜੋੜ ਦੀ ਜਰੂਰਤ ਸਬੰਧੀ ਦਿੱਤੇ ਬਿਆਨ ’ਤੇ ਜਿਆਣੀ ਨੇ ਕਿਹਾ ਕਿ ਇਹ ਉਹਨਾਂ ਦੀ ਸੋਚ ਹੋ ਸਕਦੀ।
ਇਸ ਸਮੇਂ ਪੰਜਾਬ 'ਚ ਭਾਜਪਾ ਇਕੱਲੇ ਚੋਣਾਂ ਲੜਣ ਦੇ ਸਮਰੱਥ ਹੈ ਅਤੇ ਅਕਾਲੀ - ਭਾਜਪਾ ਗਠਜੋੜ ਦੀ ਲੋੜ ਨਹੀਂ ਹੈ। ਦਿਨ-ਬ-ਦਿਨ ਭਾਜਪਾ ਦਾ ਪਿੰਡਾਂ ’ਚ ਕੇਡਰ ਵਧ ਰਿਹਾ ਹੈ। ਜਿਆਣੀ ਨੇ ਕਿਹਾ ਕਿ ਹੁਣ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵਾਲਾ ਨਹੀਂ ਰਿਹਾ। ਉਹਨਾਂ ਕਿਹਾ ਕਿ ਸਾਡਾ ਵੱਡਾ ਸੰਗਠਨ ਹੈ ਅਤੇ ਭਾਜਪਾ ਪੰਜਾਬ ’ਚ ਸਰਕਾਰ ਬਣਾਏਗੀ।