ਕੈਸ਼ ਕਾਊਂਟਰ ਤੋਂ 4 ਲੱਖ 80 ਹਜ਼ਾਰ ਹੋਏ ਗਾਇਬ!

ਏਜੰਸੀ

ਖ਼ਬਰਾਂ, ਪੰਜਾਬ

ਨਕਦੀ ਵਾਲਾ ਬੈਗ ਖਿਸਕਾ ਰਫੂ ਚੱਕਰ ਹੋਇਆ ਚੋਰ

file photo

ਸ੍ਰੀ ਮੁਕਤਸਰ ਸਾਹਿਬ : ਬੈਂਕ ਅੰਦਰ ਕੈਸ਼ ਜਮ੍ਹਾ ਕਰਵਾਉਣ ਜਾਂ ਕਢਵਾਉਣ ਲਈ ਸਾਨੂੰ ਅਕਸਰ ਹੀ ਜਾਣਾ ਪੈਂਦਾ ਹੈ। ਇਸ ਸਮੇਂ ਦੌਰਾਨ ਕੀਤੀ ਥੋੜ੍ਹੀ ਜਹੀ ਅਣਗਹਿਲੀ ਤੁਹਾਨੂੰ ਭਾਰੀ ਪੈ ਸਕਦੀ ਹੈ। ਅਜਿਹਾ ਹੀ ਇਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਹਮਣੇ ਆਇਆ ਹੈ ਜਿੱਥੇ ਬੈਂਕ 'ਚ ਜਮ੍ਹਾ ਕਰਵਾਉਣ ਲਈ ਲਿਆਂਦੇ 4 ਲੱਖ 80 ਹਜ਼ਾਰ ਰੁਪਏ ਨੌਸ਼ਰਬਾਜ ਸਕਿੰਟਾਂ 'ਚ ਖਿਸਕਾ ਕੇ ਰੱਫੂ ਚੱਕਰ ਹੋ ਗਿਆ।

ਜਾਣਕਾਰੀ ਅਨੁਸਾਰ ਅਨੁਸਾਰ ਕੋਟਲੀ ਰੋਡ 'ਤੇ ਮੂੰਗਫ਼ਲੀ ਵੇਚਣ ਦਾ ਕੰਮ ਕਰਨ ਵਾਲਾ ਰਵੀ ਕੁਮਾਰ ਤੇ ਕਾਲੀ ਚਰਨ ਫਰਮ ਦਾ ਕਰਮਚਾਰੀ ਧਰਮਾ 4 ਲੱਖ 80 ਹਜ਼ਾਰ ਰੁਪਏ ਲੈ ਕੇ ਘਾਹ ਮੰਡੀ ਚੌਂਕ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਜਮ੍ਹਾਂ ਕਰਵਾਉਣ ਆਇਆ ਸੀ। ਇਸ ਦੌਰਾਨ ਉਨ੍ਹਾਂ ਦਾ ਬੈਂਕ ਦੇ ਕੈਸ਼ ਕਾਊਂਟਰ 'ਤੇ ਰੱਖਿਆ ਨਕਦੀ ਵਾਲਾ ਬੈਗ ਕੋਈ ਵਿਅਕਤੀ ਚੋਰੀ ਕਰ ਕੇ ਭੱਜ ਗਿਆ।

ਇਹ ਪੈਸਾ ਉਨ੍ਹਾਂ ਰਾਜਸਥਾਨ 'ਚ ਮੂੰਗਫ਼ਲੀ ਲੈਣ ਲਈ ਉਨ੍ਹਾਂ ਦੇ ਖਾਤੇ ਵਿਚ ਪੁਆਉਣਾ ਸੀ। ਨਕਦੀ ਲੈ ਕੇ ਉਹ ਬੈਂਕ 'ਚ ਜਮ੍ਹਾ ਕਰਵਾਉਣ ਲਈ ਲਾਈਨ 'ਚ ਲੱਗਾ ਹੋਇਆ ਸੀ। ਲਾਈਨ ਲੰਬੀ ਹੋਣ ਕਾਰਨ ਲੋਕ ਇਕ ਦੂਜੇ ਦੇ ਨਾਲ ਲੱਗ ਕੇ ਖੜ੍ਹੇ ਸੀ। ਇਸ ਦੌਰਾਨ ਹੀ ਇਕ 30 ਸਾਲਾ ਨੌਜਵਾਨ ਜਿਸਦੇ ਉਪਰ ਚਾਦਰ ਲਈ ਹੋਈ ਸੀ, ਉਹ ਵੀ ਉਸਦੇ ਪਿੱਛੇ ਹੀ ਖੜ੍ਹਾ ਸੀ।

ਪੀੜਤ ਨੇ ਪੈਸਿਆਂ ਵਾਲਾ ਬੈਗ ਕੈਸ਼ ਕਾਊਂਟਰ ਕੋਲ ਰੱਖ ਦਿਤਾ ਅਤੇ ਉੱਥੇ ਹੀ ਖੜ੍ਹਾ ਹੋ ਕੇ ਅਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗਾ। ਇਸੇ ਦੌਰਾਨ ਉਸਦੇ ਪਿੱਛੇ ਖੜ੍ਹੇ ਵਿਅਕਤੀ ਨੇ ਲੋਕਾਂ ਤੋਂ ਅੱਖ ਬਚਾ ਕੇ ਕੈਸ਼ ਕਾਊਂਟਰ ਤੋਂ ਪੈਸਿਆਂ ਵਾਲਾ ਥੈਲਾ ਚੁੱਕਿਆ ਅਤੇ ਉਪਰ ਲਈ ਚਾਦਰ ਦੇ ਥੱਲੇ ਲਕੋ ਲਿਆ ਅਤੇ ਬੈਂਕ 'ਚੋਂ ਬਾਹਰ ਨਿਕਲ ਕੇ ਭੱਜ ਨਿਕਲਿਆ।

ਚੋਰੀ ਦਾ ਪਤਾ ਲੱਗਣਾ 'ਤੇ ਬੈਂਕ ਅਧਿਕਾਰੀਆਂ ਨੂੰ ਦਸਿਆ ਗਿਆ। ਸੀਸੀਟੀਵੀ ਦੀ ਫੁਟੇਜ਼ ਵੇਖਣ 'ਤੇ ਚੋਰੀ ਬੈਗ ਚੁੱਕਾ ਦਿਖਾਈ ਦਿਤਾ। ਬੈਂਕ ਅਧਿਕਾਰੀ ਨੇ ਇਸਦੀ ਸੂਚਨਾ ਤੁਰਤ ਹੀ ਪੁਲਿਸ ਨੂੰ ਦਿਤੀ। ਥਾਣਾ ਸਿਟੀ ਇੰਚਾਰਜ਼ ਤੇਜਿੰਦਰਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਮੁਤਾਬਕ ਉਹ ਦੋਸ਼ੀ ਨੂੰ ਛੇਤੀ ਕਾਬੂ ਕਰ ਲੈਣਗੇ।