ਸ਼੍ਰੋਮਣੀ ਕਮੇਟੀ ਸ਼ੁਰੂ ਕਰਨ ਜਾ ਰਹੀ ਹੈ ਅਨੋਖੀ ਪਹਿਲ, ਗੁਰੂ ਰਾਮਦਾਸ ਲੰਗਰ ਘਰ ਨੇੜੇ ਮਹਿਕਣਗੇ ਗੁਲਾਬ

ਏਜੰਸੀ

ਖ਼ਬਰਾਂ, ਪੰਜਾਬ

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਬਾਗ ਨੂੰ ਨਿਵੇਕਲੀ ਤੇ ਵਿਸ਼ੇਸ਼ ਦਿੱਖ ਦਿੱਤੀ ਜਾਵੇਗੀ।

File Photo

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਅਤੇ ਮੰਜੀ ਸਾਹਿਬ ਦੀਵਾਨ ਹਾਲ ਵਿਚਾਲੇ ਬਾਗ ਬਣਾਇਆ ਜਾ ਰਿਹਾ ਹੈ, ਜਿਸ ਵਿਚ ਲਗਭਗ 400 ਕਿਸਮ ਦੇ ਗੁਲਾਬ ਲਗਾਏ ਜਾਣਗੇ। ਇਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਬਾਗ ਵਿਚ ਪੌਦੇ ਲਾਉਣ ਦਾ ਕੰਮ ਜਨਵਰੀ ਵਿਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਬਾਗ ਨੂੰ ਨਿਵੇਕਲੀ ਤੇ ਵਿਸ਼ੇਸ਼ ਦਿੱਖ ਦਿੱਤੀ ਜਾਵੇਗੀ। ਬਾਗ ਵਿਚ ਲਗਭਗ 400 ਕਿਸਮ ਦੇ ਗੁਲਾਬ ਲਗਾਉਣਣ ਦੀ ਯੋਜਨਾ ਹੈ ਅਤੇ ਇਸ ਸਬੰਧੀ ਬੰਗਲੁਰੂ ਦੀ ਕੰਪਨੀ ਨੂੰ ਆਰਡਰ ਵੀ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ’ਚੋਂ 25 ਕਿਸਮ ਦੇ ਗੁਲਾਬ ਇੱਥੇ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਲਾਬ ਦੀ ਹਰ ਕਿਸਮ ਦੇ ਪੰਜ-ਪੰਜ ਬੂਟੇ ਮੰਗਵਾਏ ਗਏ ਹਨ।

ਇੰਝ ਇੱਥੇ ਗੁਲਾਬ ਦੇ ਲਗਭਗ ਦੋ ਹਜ਼ਾਰ ਬੂਟੇ ਲੱਗਣਗੇ। ਇਸ ਤੋਂ ਇਲਾਵਾ ਮੌਸਮੀ ਫੁੱਲਾਂ ਦੇ ਦਸ ਹਜ਼ਾਰ ਬੂਟੇ ਲਿਆਂਦੇ ਗਏ ਹਨ, ਜਿਨ੍ਹਾਂ ਵਿਚ ਪਟੂਨੀਆ ਦੇ 13 ਰੰਗਾਂ ਦੇ ਫੁੱਲਾਂ ਦੇ ਬੂਟੇ, ਪੈਂਜੀ 6 ਰੰਗ ਦੇ, ਬਰਬੀਨਾ 6 ਰੰਗ ਦੇ, ਡਾਗਫਲਾਵਰ 7 ਰੰਗ ਦੇ, ਗੁਡੇਸੀਆ ਚਾਰ ਰੰਗ ਦੇ, ਗਜਨੀਆ ਪੰਜ ਰੰਗ ਦੇ ਤੇ ਹੋਰ ਬੂਟੇ ਸ਼ਾਮਲ ਹਨ। ਇਸ ਤੋਂ ਇਲਾਵਾ 70 ਕਿਸਮ ਦੇ ਪੱਕੇ ਬੂਟੇ ਲਾਏ ਜਾ ਰਹੇ ਹਨ, ਜੋ ਸਦਾਬਹਾਰ ਹਨ।

ਇਸੇ ਤਰ੍ਹਾਂ ਚੰਦਨ ਦੇ ਬੂਟੇ ਵੀ ਚਾਰ ਕਿਸਮ ਦੇ ਲਿਆਂਦੇ ਗਏ ਹਨ। ਪਹਿਲਾਂ ਲੱਗੇ ਦਰਖਤਾਂ ਨੂੰ ਉਂਝ ਹੀ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੀ ਲੈਂਡ ਸਕੇਪਿੰਗ ਵੀ ਮਾਹਿਰਾਂ ਕੋਲੋਂ ਕੀਤੀ ਜਾ ਚੁੱਕੀ ਹੈ। ਸਮੁੱਚਾ ਬਾਗ ਕਿਆਰੀਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਫੁੱਲ ਲੱਗਣ ਮਗਰੋਂ ਇਸ ਦਾ ਧਰਾਤਲੀ ਹਿੱਸਾ ਉਪਰੋਂ ਦੇਖਣ ’ਤੇ ਫੁੱਲਾਂ ਨਾਲ ਢਕਿਆ ਨਜ਼ਰ ਆਵੇਗਾ। ਬਾਗ ਦੇ ਬਾਹਰੀ ਹਿੱਸਿਆਂ ਵਿਚ ਦਰੱਖਤ ਅਤੇ ਉਸ ਤੋਂ ਅਗਾਂਹ ਹੋਰ ਘੱਟ ਉਚਾਈ ਵਾਲੇ ਬੂਟੇ ਲਾਏ ਗਏ ਹਨ।

ਇਥੇ ਦੱਸਣਯੋਗ ਹੈ ਕਿ ਇਸ ਬਾਗ ਦੀ ਉਸਾਰੀ ਲਈ ਪਹਿਲਾਂ ਦੱਖਣੀ ਭਾਰਤ ਦੀ ਇੱਕ ਉਘੀ ਕੰਪਨੀ ਨਾਲ ਵੀ ਗੱਲ ਕੀਤੀ ਗਈ ਸੀ, ਜਿਸ ਵੱਲੋਂ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ ਲੈਂਡ ਸਕੇਪਿੰਗ ਅਤੇ ਹਰੀ ਪੱਟੀ ਉਸਾਰੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

ਜਿਸ ਤਹਿਤ ਪਹਿਲਾਂ ਵਰਟੀਕਲ ਗਾਰਡਨ ਉਸਾਰਿਆ ਗਿਆ ਹੈ, ਇਮਾਰਤਾਂ ਦੀਆਂ ਛੱਤਾਂ ’ਤੇ ਵੱਡੀਆਂ ਕਿਆਰੀਆਂ ਬਣਾ ਕੇ ਬੂਟੇ ਲਾਏ ਗਏ ਹਨ, ਪ੍ਰਕਰਮਾ ਦੇ ਵਰਾਂਡਿਆਂ ’ਤੇ ਬੂਟੇ ਲਾਏ ਗਏ ਹਨ ਅਤੇ ਹੇਠਾਂ ਲਟਕਣ ਵਾਲੀਆਂ ਵੇਲਾਂ ਲਾਈਆਂ ਗਈਆਂ ਹਨ। ਇਸੇ ਤਰ੍ਹਾਂ ਪ੍ਰਵੇਸ਼ ਦੁਆਰ ਪਲਾਜ਼ਾ ’ਚ ਵੀ ਛਾਂਦਾਰ ਬੂਟੇ ਲਾਏ ਗਏ ਹਨ।