ਬਠਿੰਡਾ 'ਚ ਠੰਢ ਰਿਕਾਰਡ ਤੋੜਣ ਲੱਗੀ, ਤਾਪਮਾਨ 2.4 ਡਿਗਰੀ ਸੈਲਸੀਅਸ ਤਕ ਪੁੱਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉਣ ਵਾਲੇ ਦਿਨਾਂ 'ਚ ਭਾਰੀ ਧੁੰਦ ਪੈਣ ਦਾ ਵੀ ਖ਼ਦਸਾ

Photo

ਬਠਿੰਡਾ  (ਸੁਖਜਿੰਦਰ ਮਾਨ) : ਕੜਾਕੇ ਦੀ ਪੈ ਰਹੀ ਠੰਢ ਬਠਿੰਡਾ 'ਚ ਨਵਾ ਰਿਕਾਰਡ ਬਣਾਉਣ ਲੱਗੀ ਹੈ। ਬਠਿੰਡਾ ਦਾ ਤਾਪਮਾਨ ਸ਼ਿਮਲਾ ਨਾਲੋਂ ਵੀ ਹੇਠਾਂ ਪੁੱਜ ਗਿਆ ਹੈ। ਦਸੰਬਰ ਮਹੀਨੇ 'ਚ ਤਾਪਮਾਨ ਦੇ ਹੇਠਲਾ ਪੱਧਰ 2.4 ਡਿਗਰੀ ਸੈਲਸੀਅਸ 'ਤੇ ਆ ਗਿਆ ਹੈ। ਦੋ ਦਿਨ ਪਹਿਲਾਂ 27 ਦਸੰਬਰ ਨੂੰ ਪੰਜ ਸਾਲਾਂ ਬਾਅਦ ਬਠਿੰਡਾ ਸਭ ਤੋਂ ਠੰਢਾ ਰਿਹਾ ਸੀ।

ਇਸ ਦਿਨ  ਘੱਟ ਤੋਂ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਉਪਰੋਂ ਆਉਣ ਵਾਲੇ ਤਿੰਨ ਦਿਨਾਂ 'ਚ ਭਾਰੀ ਧੁੰਦ ਪੈਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ। ਉਂਜ ਬਠਿੰਡਾ 'ਚ ਪਿਛਲੇ ਸਾਲਾਂ ਦੌਰਾਨ ਤਾਪਮਾਨ ਦਾ ਹੇਠਲਾਂ  ਪੱਧਰ ਪਹਾੜਾਂ ਦੀ ਤਰ੍ਹਾਂ ਬਹੁਤ ਹੇਠਾਂ ਚਲਾ ਗਿਆ ਸੀ। ਸਾਲ 2014 ਵਿਚ ਅੱਜ ਦੇ ਦਿਨ ਸਭ ਤੋਂ ਵੱਧ ਠੰਢ ਸੀ।

ਉਸ ਦਿਨ ਪਾਰਾ 1.6 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਸੀ। ਠੰਢ ਦੇ ਮੌਸਮ ਨੇ ਨੌਕਰੀ ਪੇਸ਼ਾ ਤੋਂ ਲੈ ਕੇ ਕਿਸਾਨਾਂ ਆਦਿ ਨੂੰ ਸਮੱਸਿਆਵਾਂ ਵਿਚ ਘੇਰਿਆ ਹੋਇਆ ਹੈ। ਠੰਢ ਕਾਰਨ ਜਿੰਦਗੀ ਦੀ ਰਫ਼ਤਾਰ ਬਿਲਕੁੱਲ ਮੱਠੀ ਹੋਈ ਪਈ ਹੈ। ਖੇਤੀਬਾੜੀ ਵਿਭਾਗ ਇਸ ਅਗੇਤੀ ਠੰਢ ਨੂੰ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸ ਰਿਹਾ। ਦੂਜੇ ਪਾਸੇ ਇਸ ਸੀਜ਼ਨ 'ਚ ਪਈ ਅਗੇਤੀ ਠੰਢ ਨੇ ਗਰਮ ਕਪੜੇ ਦੇ ਵਪਾਰੀਆਂ ਨੂੰ ਵੀ ਹੁਲਾਰਾ ਦਿਤਾ ਹੈ।

ਜ਼ਿਆਦਾ ਠੰਢ ਹੋਣ ਕਾਰਨ ਲੋਕ ਗਰਮ ਕਪੜੇ ਖ਼ਰੀਦ ਰਹੇ ਹਨ। ਦੂਜੇ ਪਾਸੇ ਮੌਸਮ ਵਿਭਾਗ ਵਲੋਂ ਦਿਤੀ ਚਿਤਾਵਨੀ ਮੁਤਾਬਕ ਆਉਣ ਵਾਲੇ ਦਿਨਾਂ ਤਕ ਭਾਰੀ ਧੁੰਦ ਦੇ ਨਾਲ ਤੇਜ ਠੰਢੀਆਂ ਹਵਾਵਾਂ ਚਲ ਸਕਦੀਆਂ ਹਨ। ਉਂਜ ਮੌਸਮ ਖ਼ੁਸਕ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਦੋ ਦਿਨਾਂ ਬਾਅਦ ਤਾਪਮਾਨ 'ਚ ਥੋੜਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਠੰਢ ਦੇ ਨਾਲ ਸੁਰਜ ਦੇਵਤਾ ਦੇ ਦਰਸ਼ਨ ਵੀ ਨਾ ਬਰਾਬਰ ਹਨ। ਕਈ ਦਿਨਾਂ ਬਾਅਦ ਅੱਜ ਤੇ ਕੱਲ ਕੁੱਝ ਸਮੇਂ ਹਲਕੀ ਧੁੱਪ ਨਿਕਲੀ ਪ੍ਰੰਤੂ ਤਾਪਮਾਨ ਰਿਕਾਰਡ ਤੋੜ ਹੇਠਾਂ ਚਲੇ ਜਾਣ ਕਾਰਨ ਇਸਦੀ ਤਪਸ਼ ਦਾ ਅਸਰ ਵੀ ਨਹੀਂ ਹੋਇਆ। ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਇਹ ਠੰਢ ਬਰਕਰਾਰ ਰਹਿ ਸਕਦੀ ਹੈ।

ਇਸ ਭਾਰੀ ਠੰਢ ਦੇ ਚੱਲਦੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਤਾਪਮਾਨ ਹੇਠਾਂ ਡਿੱਗ ਰਿਹਾ ਹੈ। ਕੜਾਕੇ ਦੀ ਠੰਢ ਪੈਣ ਕਾਰਨ ਬਠਿੰਡਾ ਸ਼ਹਿਰ ਵਿਚ ਹੀ ਦੋ ਵਿਅਕਤੀ ਇਸਦੀ ਭੇਟ ਚੜ ਚੁੱਕੇ ਹਨ।