ਖੇਤੀ ਕਾਨੂੰਨ: ਜੀਓ ਖਿਲਾਫ਼ ਕਿਸਾਨੀ ਐਕਸ਼ਨ ਨੂੰ ਗ਼ਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹੈ ਨੈਸ਼ਨਲ ਮੀਡੀਆ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਮੋਬਾਈਲ ਨੈੱਟਵਰਕ ਦੇ ਹੋਏ ਨੁਕਸਾਨ ਪਿੱਛੇ ਬਾਹਰੀ ਤਾਕਤਾਂ ਦਾ ਹੱਥ ਹੋਣ ਦੇ ਕਿਆਫ਼ੇ

reliance jio

ਚੰਡੀਗੜ੍ਹ : ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਛੇਵੇਂ ਗੇੜ ਦੀ ਗੱਲਬਾਤ ਜਾਰੀ ਹੈ। ਦੋਵੇਂ ਧਿਰਾਂ ਦੇ ਆਪੋ-ਆਪਣੇ ਸਟੈਂਡ ’ਤੇ ਅਡਿੱਗ ਰਹਿਣ ਕਾਰਨ ਮੀਟਿੰਗ ਵਿਚੋਂ ਬਹੁਤਾ ਕੁੱਝ ਨਿਕਲਣ ਦੇ ਅਸਾਰ ਮੱਧਮ ਹਨ। ਦੂਜੇ ਪਾਸੇ ਸਰਕਾਰੀ ਧਿਰ ਵਲੋਂ ਗੱਲਬਾਤ ਜਾਰੀ ਰੱਖਣ ਦੇ ਨਾਲ-ਨਾਲ ਖੇਤੀ ਕਾਨੂੰਨਾਂ ਦੀ ਸਿਫ਼ਤ ਅਤੇ ਸੰਘਰਸ਼ੀ ਧਿਰਾਂ ਦੀਆਂ ਕਮੀਆਂ ਦਾ ਪ੍ਰਚਾਰ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਖ਼ਾਸ ਕਰ ਕੇ ਪੰਜਾਬ ਅੰਦਰ ਮੋਬਾਈਲ ਟਾਵਰਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਹਨ। 

ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਦੌਰਾਨ ਇਕ ਨੈਸ਼ਨਲ ਟੀਵੀ ਚੈਨਲ ’ਤੇ ਚੱਲ ਰਹੇ ਪ੍ਰੋਗਰਾਮ ਦੌਰਾਨ ਮੋਬਾਈਲ ਟਾਵਰਾਂ ਦੇ ਨੁਕਸਾਨ ਨੂੰ ਬਾਹਰੀ ਤਾਕਤਾਂ ਦੀ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਚੈਨਲ ਮੁਤਾਬਕ ਇਸ ਪਿੱਛੇ ਚੀਨ ਦਾ ਹੱਥ ਹੋ ਸਕਦਾ ਹੈ, ਜੋ ਭਾਰਤ ਦੇ ਮੋਬਾਈਲ ਨੈੱਟਵਰਕ ’ਤੇ ਕਬਜ਼ਾ ਕਰਨਾ ਚਾਹੰੁਦਾ ਸੀ ਪਰ ਦੇਸ਼ ਦੀਆਂ ਸਵਦੇਸ਼ੀ ਕੰਪਨੀਆਂ ਨੇ ਉਸ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿਤਾ ਹੈ। ਚੈਨਲ ਦੀ ਖ਼ਬਰ ਇਹੀ ਪ੍ਰਭਾਵ ਦੇ ਰਹੀ ਸੀ ਜਿਵੇਂ ਪੰਜਾਬ ਅੰਦਰ ਪੂਰੇ ਮੋਬਾਈਲ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ।

ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਨੇ ਇਸ ਪ੍ਰਚਾਰ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪੂਰੇ ਮੋਬਾਈਲ ਨੈੱਟਵਰਕ ’ਤੇ ਹਮਲੇ ਸਬੰਧੀ ਚੱਲ ਰਹੀਆਂ ਖ਼ਬਰਾਂ ਬੇਬੁਨਿਆਦ ਹਨ। ਜਦਕਿ ਕਿਸਾਨਾਂ ਦਾ ਗੁੱਸਾ ਕੇਵਲ ਅਬਾਨੀ ਅਤੇ ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਖਿਲਾਫ਼ ਹੈ ਜਿਨ੍ਹਾਂ ਵਲੋਂ ਨਵੇਂ ਖੇਤੀ ਕਾਨੂੰਨਾਂ ਜ਼ਰੀਏ ਖੇਤੀ ਸੈਕਟਰ ਵਿਚ ਘੁਸਪੈਠ ਦੀ ਕੋਸ਼ਿਸ਼ ਦੇ ਖ਼ਦਸ਼ੇ ਹਨ। ਪੰਜਾਬ ਅੰਦਰ ਕਿਸਾਨਾਂ ਵਲੋਂ ਸਿਰਫ਼ ਰਿਲਾਇਸ ‘ਜੀਓ’ ਦੇ ਟਾਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਬੀ.ਐਸ.ਐਲ., ਏਅਰਟੈਲ, ਆਈਡੀਆ ਅਤੇ ਵੋਡਾਫ਼ੋਨ ਸਮੇਤ ਦੂਜੀਆਂ ਵੱਡੀਆਂ ਕੰਪਨੀਆਂ ਦੇ ਨੈੱਟਵਰਕ ਪੂਰੀ ਸਮਰਥਾਂ ਨਾਲ ਕੰਮ ਕਰ ਰਹੇ ਹਨ। 

ਕਿਸਾਨ ਜਥੇਬੰਦੀਆਂ ਮੁਤਾਬਕ ਉਨ੍ਹਾਂ ਨੇ ਸਿਰਫ਼ ਜੀਓ ਦੇ ਨੈੱਟਵਰਕ ਦਾ ਵਿਰੋਧ ਕੀਤਾ ਸੀ। ਜਥੇਬੰਦੀਆਂ ਮੁਤਾਬਕ ਉਨ੍ਹਾਂ ਨੇ ਕਿਸਾਨਾਂ ਨੂੰ ਜੀਓ ਦਾ ਬਾਈਕਾਟ ਕਰ ਕੇ ਦੂਜੀਆਂ ਕੰਪਨੀਆਂ ਦੀਆਂ ਮੋਬਾਈਲ ਸੇਵਾਵਾਂ ਇਸਤੇਮਾਲ ਕਰਨ ਦੀ ਸਲਾਹ ਦਿਤੀ ਸੀ। ਪਰ ਕੁੱਝ ਗਰਮ ਖ਼ਿਆਲੀ ਕਿਸਾਨਾਂ ਨੇ ਜੀਓ ਦੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਲਈ ਕਿਸਾਨ ਆਗੂਆਂ ਨੇ ਬਕਾਇਦਾ ਅਪੀਲਾਂ ਕਰ ਕੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਵਰਜ ਦਿਤਾ ਹੈ। ਕਿਸਾਨ ਆਗੂਆਂ ਮੁਤਾਬਕ ਜੀਓ ਦਾ ਬਾਈਕਾਟ ਅਤੇ ਦੂਜੀਆਂ ਕੰਪਨੀਆਂ ਨਾਲ ਜੁੜਨ ਦਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਲੋਕਾਈ ਦੇ ਹਿਤਾਂ ਨਾਲ ਖਿਲਵਾੜ ਕਰਨ ਤੋਂ ਰੋਕਿਆ ਜਾ ਸਕੇ। 

ਮੋਬਾਈਲ ਨੈੱਟਵਰਕ ਦੇ ਜਾਣਕਾਰਾਂ ਮੁਤਾਬਕ ਰਿਲਾਇਸ ਨੇ ਜੀਓ ਨੈੱਟਵਰਕ ਦੀ ਪੰਜਾਬ ਅੰਦਰ ਐਂਟਰੀ ਇਕ ‘ਕਾਰੋਬਾਰੀ ਖੇਡ’ ਤਹਿਤ ਕੀਤੀ ਸੀ। ਰਿਲਾਇਸ ਨੇ ਪੰਜਾਬ ਅੰਦਰ ਪਹਿਲਾਂ ਗ੍ਰਾਹਕਾਂ ਨੂੰ ਜੀਓ ਦੇ ਸਿੰਮ ਅਤੇ ਮੋਬਾਈਲ ਸੈਟ ਬੜੀ ਘੱਟ ਕੀਮਤ ’ਤੇ ਵੰਡੇ। ਕੰਪਨੀ ਨੇ ਜੀਓ ਦਾ ਮੁਫ਼ਤ ਡਾਟਾ ਅਤੇ ਟਾਕਟਾਈਮ ਦੇਣ ਦੇ ਨਾਲ-ਨਾਲ ਪੰਜਾਬ ਅੰਦਰ ਅਪਣੇ ਟਾਵਰਾਂ ਦਾ ਜਾਲ ਵਿਛਾਇਆ ਗਿਆ। ਜੀਓ ਦੀ ਇਸ ਆਫ਼ਰ ਤੋਂ ਬਾਅਦ ਡੇਢ ਦੋ ਸਾਲ ਦੇ ਅਰਸੇ ਅੰਦਰ ਹੀ ਬੀ.ਐਸ.ਐਨ.ਐਲ. ਸਮੇਤ ਦੂਜੀਆਂ ਕੰਪਨੀਆਂ ਦਾ ਕਾਰੋਬਾਰ ਹਾਸ਼ੀਏ ’ਤੇ ਚਲਾ ਗਿਆ। ਜਦੋਂ ਵੱਡੀ ਗਿਣਤੀ ਲੋਕ ਜੀਓ ਨਾਲ ਜੁੜ ਗਏ ਤਾਂ ਰਿਲਾਇਸ ਨੇ ਇਕਦਮ ਕੀਮਤਾਂ ਵਸੂਲਣੀਆਂ ਸ਼ੁਰੂ ਕਰ ਦਿਤੀਆਂ ਹਨ। ਅੱਜ ਜੀਓ ਵਲੋਂ ਦੂਜੀਆਂ ਕੰਪਨੀਆਂ ਤੋਂ ਥੋੜ੍ਹੇ ਫਰਕ ਨਾਲ ਕੀਮਤਾਂ ਵਸੂਲੀਆਂ ਜਾ ਰਹੀਆਂ ਸਨ, ਜਿਸ ਨੂੰ ਬਹੁਤੇ ਲੋਕ ਕਾਰੋਬਾਰੀ ਧੋਖਾਧੜੀ ਮੰਨਦੇ ਹਨ। 

ਰਿਲਾਇਸ ਦੀ ਇਸ ਹਰਕਤ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਅੱਜ ਜ਼ਿਆਦਾਤਰ ਲੋਕ ਨਵੇਂ ਖੇਤੀ ਕਾਨੂੰਨਾਂ ਨੂੰ ਵੀ ਜੀਓ ਨਾਲ ਜੋੜ ਕੇ ਵੇਖ ਰਹੇ ਹਨ। ਕਿਸਾਨ ਆਗੂਆਂ ਸਮੇਤ ਦੂਜੀਆਂ ਧਿਰਾਂ ਵੀ ਇਸ ਗੱਲ ਦਾ ਖੁਲਾਸਾ ਆਮ ਹੀ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ ਕਿ ਜਿਵੇਂ ਰਿਲਾਇਸ ਨੇ ਜੀਓ ਦੀਆਂ ਸੇਵਾਵਾਂ ਪਹਿਲਾਂ ਪਹਿਲ ਮੁਫ਼ਤ ਦੇ ਕੇ ਬਾਅਦ ’ਚ ਰੇਟ ਵਧਾ ਦਿਤੇ ਹਨ, ਇਸੇ ਤਰ੍ਹਾਂ ਖੇਤੀ ਕਾਨੂੰਨਾਂ ਤਹਿਤ ਪਹਿਲਾਂ ਪਹਿਲ ਕਿਸਾਨਾਂ ਦੀਆਂ ਜਿਨਸਾਂ ਪ੍ਰਾਈਵੇਟ ਮੰਡੀਆਂ ਵਿਚੋਂ ਮਹਿੰਗੇ ਭਾਅ ਖ਼ਰੀਦ ਕੇ ਪ੍ਰਚੱਲਤ ਮੰਡੀ ਸਿਸਟਮ ਖ਼ਤਮ ਹੋਣ ਬਾਅਦ ਮਨਮਰਜ਼ੀ ਕੀਤੀ ਜਾਵੇਗੀ।

ਜੀਓ ਨੂੰ ਕਿਸਾਨੀ ਸੰਘਰਸ਼ ਦੌਰਾਨ ਪਹੁੰਚੇ ਨੁਕਸਾਨ ਬਾਰੇ ਚਿੰਤਕਾ ਦਾ ਕਹਿਣਾ ਹੈ ਕਿ ਜੀਓ ਨੇ ਪੰਜਾਬ ਅੰਦਰ ਕਾਰੋਬਾਰ ਨੂੰ ਝੂਠ ਦੇ ਜ਼ਰੀਏ ਬੜੀ ਤੇਜ਼ੀ ਨਾਲ ਵਧਾਇਆ ਸੀ। ਹੁਣ ਇਹੀ ਖੇਡ ਕਾਰਪੋਰੇਟ ਘਰਾਨੇ ਖੇਤੀ ਕਾਨੂੰਨਾਂ ਜ਼ਰੀਏ ਖੇਤੀ ਸੈਕਟਰ ਨਾਲ ਖੇਡਣ ਦੀ ਕੋਸ਼ਿਸ਼ ਵਿਚ ਸਨ ਪਰ ਕਿਸਾਨਾਂ ਦੀ ਦੂਰ ਦਿ੍ਰਸ਼ਟੀ ਕਾਰਨ ਚਾਲ ਪੁੱਠੀ ਪੈ ਗਈ ਹੈ। ਜਿਵੇਂ ਉਨ੍ਹਾਂ ਨੇ ਝੂਠ ਬੋਲ ਕੇ ਬੜੀ ਤੇਜ਼ੀ ਨਾਲ ਜੀਓ ਨੂੰ ਪੰਜਾਬ ਅੰਦਰ ਬੁਲੰਦੀਆਂ ’ਤੇ ਪਹੁੰਚਾਇਆ ਸੀ, ਉਸੇ ਸਪੀਡ ਨਾਲ ਹੁਣ ਉਨ੍ਹਾਂ ਦਾ ਪਤਨ ਹੋਣ ਲੱਗਾ ਹੈ।