ਬਾਬਾ ਬਲਬੀਰ ਸਿੰਘ ਨੇ ਕਿਸਾਨ ਮੋਰਚੇ ਨੂੰ ਪੰਜ ਲੱਖ ਰੁਪਏ, 500 ਕੰਬਲ ਤੇ 2 ਕੁਇੰਟਲ ਸੁੱਕੇ ਮੇਵੇ ਭੇਂ

ਏਜੰਸੀ

ਖ਼ਬਰਾਂ, ਪੰਜਾਬ

ਬਾਬਾ ਬਲਬੀਰ ਸਿੰਘ ਨੇ ਕਿਸਾਨ ਮੋਰਚੇ ਨੂੰ ਪੰਜ ਲੱਖ ਰੁਪਏ, 500 ਕੰਬਲ ਤੇ 2 ਕੁਇੰਟਲ ਸੁੱਕੇ ਮੇਵੇ ਭੇਂਟ ਕੀਤੇ

image

ਕੇਂਦਰ ਸਰਕਾਰ ਨਾ ਫੁਰਮਾਨੀ ਵਾਲੇ ਕਾਨੂੰਨ ਨਾ ਘੜੇ : ਬਾਬਾ ਬਲਬੀਰ ਸਿੰਘ

ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਸਵਰਨਜੀਤ ਸਿੰੰਘ ਸੇਠੀ): ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਸੰਘਰਸ਼ ਜਾਰੀ ਹੈ ਜਿਸ ਤਹਿਤ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਲਈ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਪੰਜਵਾਂ ਤਖ਼ਤ ਚਲਦਾ ਵਹੀਰ ਦੀ ਅਗਵਾਈ ਵਿਚ ਨਿਹੰਗ ਸਿੰਘ ਦਲ ਦਿੱਲੀ ਵਿਖੇ ਨਿਹੰਗ ਸਿੰਘ ਫ਼ੌਜਾਂ ਨਾਲ ਸਿੰਘੂ ਬਾਰਡਰ ਕਿਸਾਨ ਮੋਰਚੇ ’ਤੇ ਪਹੁੰਚੇ। 
ਇਸ ਮੌਕੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨਾਲ ਬਾਬਾ ਗੱਜਣ ਸਿੰਘ ਜਥੇਦਾਰ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਮੁਖੀ ਮਿਸਲ ਬਾਬਾ ਬਿਧੀ ਚੰਦ ਤਰਨਾ ਦਲ ਸੁਰ ਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ ਵੀ ਸ਼ਾਮਲ ਸਨ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਰਾਹ ਤੋਂ ਕੁਰਾਹੇ ਪੈ ਰਹੀ ਹੈ ਅਤੇ ਜਨਤਾ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਅਜਿਹੇ ਕਾਨੂੰਨ ਨਾ ਘੜੇ ਜਿਨ੍ਹਾਂ ਵਿਰੁਧ ਜਨਤਾ ਨੂੰ ਨਾ ਫੁਰਮਾਨੀ ਵਰਗੀਆਂ ਲਹਿਰਾਂ ਖੜੀਆਂ ਕਰਨੀਆਂ ਪੈਣ। ਉਨ੍ਹਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਅੰਦੋਲਨ ਸਹੀ ਸੇਧ ਵਲ ਜਾ ਰਿਹਾ ਹੈ ਅਤੇ ਕਿਸਾਨ ਨੇਤਾਵਾਂ ਦੀ ਦੂਰ ਅੰਦੇਸ਼ੀ ਵਾਲੀ ਵਧੀਆ ਭੂਮਿਕਾ ਹੈ। ਅਜਿਹੇ ਸੰਘਰਸ਼ਾਂ ਵਿਚੋਂ ਚੰਗੀ ਲੀਡਰਸ਼ਿਪ ਦੇ ਆਸਾਰ ਵੀ ਪੈਦਾ ਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਸਲਾਹ ਦਿਤੀ ਕਿ ਕੋਈ ਅਜਿਹਾ ਕੰਮ ਨਾ ਕਰੇ ਜਿਸ ਨਾਲ ਹੱਥ ਨਾਲ ਦਿਤੀਆਂ ਮੂੰਹ ਨਾਲ ਖਾਣੀਆਂ ਪੈਣ। 
ਉਨ੍ਹਾਂ ਕਿਸਾਨ ਸੰਘਰਸ਼ ਮੋਰਚਾ ਫ਼ੰਡ ਲਈ 5 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ 500 ਕੰਬਲ ਅਤੇ 2 ਕੁਇੰਟਲ ਸੁੱਕੇ ਮੇਵੇ ਬਦਾਮ ਭੇਟ ਕੀਤੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਭਰੋਸਾ ਦਿਤਾ। ਬਾਬਾ ਬਿਧੀ ਚੰਦ ਤਰਨਾ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਨੇ ਸਵਾ ਲੱਖ ਰੁਪਏ ਅਤੇ ਬਾਬਾ ਗੱਜਣ ਸਿੰਘ ਨੇ 51 ਹਜ਼ਾਰ ਰੁਪਏ ਮੋਰਚਾ ਫ਼ੰਡ ਲਈ ਕਿਸਾਨਾਂ ਨੂੰ ਦਿਤੇ।