ਸੀਤ ਲਹਿਰ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਘਰਾਂ 'ਚ ਦੁਬਕਣ ਲਈ ਕੀਤਾ ਮਜਬੂਰ
ਸੀਤ ਲਹਿਰ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਘਰਾਂ 'ਚ ਦੁਬਕਣ ਲਈ ਕੀਤਾ ਮਜਬੂਰ
ਬਠਿੰਡਾ, 29 ਦਸੰਬਰ (ਸੁਖਜਿੰਦਰ ਮਾਨ): ਪਿਛਲੇ ਕੁੱਝ ਦਿਨਾਂ ਤੋਂ ਇਲਾਕੇ 'ਚ ਪੈ ਰਹੀ ਭਾਰੀ ਠੰਢ ਤੇ ਤੇਜ਼ ਸੀਤ ਲਹਿਰ ਨਾਲ ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ | ਪਹਾੜਾਂ 'ਚ ਪੈ ਰਹੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ 'ਚ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿਤਾ ਹੈ | ਸੀਤ ਲਹਿਰ ਅਤੇ ਤੇਜ਼ ਹਵਾਵਾਂ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਲਗਿਆ ਹੈ | ਭਾਰੀ ਧੁੰਦ ਤੇ ਠੰਢ ਤੋਂ ਬਚਣ ਲਈ ਲੋਕ ਘਰਾਂ 'ਚ ਕੈਦ ਹੋਣ ਲਈ ਮਜਬੂਰ ਹੋਣ ਲੱਗੇ ਹਨ | ਸੂਰਜ ਦੇ ਵੀ ਅੱਜ ਦਿਨ 'ਚ ਥੋੜਾ-ਥੋੜਾ ਸਮਾਂ ਹੀ ਦਰਸ਼ਨ ਹੋਏ | ਠੰਢ ਕਾਰਨ ਬਜ਼ੁਰਗ ਅਤੇ ਬੱਚਿਆਂ ਨੂੰ ਬੀਮਾਰ ਕਰਨਾ ਸ਼ੁਰੂ ਕਰ ਦਿਤਾ ਹੈ | ਇਕੱਲੇ ਬਠਿੰਡਾ ਸ਼ਹਿਰ ਵਿਚ ਹੀ ਹੁਣ ਤਕ ਠੰਢ ਕਾਰਨ ਤਿੰਨ ਮੌਤਾਂ ਹੋ ਗਈਆਂ ਹਨ |
ਬੀਤੇ ਕਲ ਪੂਰੇ ਪੰਜਾਬ ਵਿਚੋਂ ਬਠਿੰਡਾ ਸੱਭ ਤੋਂ ਠੰਢਾ ਇਲਾਕਾ ਗਰਦਾਨਿਆ ਗਿਆ ਸੀ | ਇੱਥੇ ਹੇਠਲਾਂ ਤਾਪਮਾਨ 1.5 ਡਿਗਰੀ ਸੈਲਸੀਅਸ ਹੀ ਰਹਿ ਗਿਆ ਸੀ, ਜਿਹੜਾ ਅੱਜ ਵਧ ਕੇ 2.2 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ | ਪ੍ਰੰਤੂ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਬੀਤੇ ਕਲ ਨਾਲੋਂ ਵੀ ਅੱਜ ਜ਼ਿਆਦਾ ਠੰਢ ਮਹਿਸੂਸ ਹੋਈ | ਉਂਜ ਖੇਤੀ ਮਾਹਰ ਇਸ ਠੰਢ ਨੂੰੂ ਕਣਕਾਂ ਦੀ ਫ਼ਸਲ ਲਈ ਭਾਰੀ ਲਾਹੇਵੰਦ ਦਸ ਰਹੇ ਹਨ | ਜ਼ਿਆਦਾਤਰ ਕਿਸਾਨ ਖੇਤੀ ਬਿੱਲਾਂ ਦੇ ਵਿਰੋਧ 'ਚ ਚੱਲ ਰਹੇ ਸੰਘਰਸ਼ ਵਿਚ ਹਿੱਸਾ ਲੈਣ ਲਈ ਦਿੱਲੀ ਪੁੱਜੇ ਹੋਏ ਹਨ | ਉਧਰ ਗ਼ਰੀਬ ਅਤੇ ਬੇਸਹਾਰਾ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਲੋਂ ਸ਼ਹਿਰ ਵਿਚ 20 ਦੇ ਕਰੀਬ ਰੇਣ-ਬਸੇਰੇ ਬਣਾਏ ਗਏ ਹਨ |
ਰਿਕਾਰਡ ਤੋੜ ਠੰਢ ਨੂੰ ਦੇਖਦੇ ਡਿਪਟੀ ਕਮਿਸ਼ਨਰ ਨੇ ਵੀ ਲੋਕਾਂ ਨੂੰ ਠੰਢ ਤੋਂ ਬਚਣ ਲਈ ਨਸੀਹਤਾਂ ਜਾਰੀ ਕੀਤੀਆਂ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਢ ਦੇ ਮੌਸਮ ਨੂੰ ਦੇਖਦਿਆਂ ਲੋਕ ਅਪਣੇ ਘਰਾਂ 'ਚ ਮੋਟੇ ਕਪੜੇ, ਖਾਣਾ, ਪਟਰੌਲ, ਬੈਟਰੀਆਂ, ਚਾਰਜਰ, ਦਵਾਈਆਂ ਆਦਿ ਦਾ ਪ੍ਰਬੰਧ ਕਰ ਕੇ ਰੱਖਣਾ ਚਾਹੀਦਾ ਹੈ | ਉੱਧਰ ਡਾਕਟਰਾਂ ਨੇ ਠੰਢ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਅੰਦਰ ਰਹਿਣ ਦੀ ਸਲਾਹ ਦਿਤੀ ਹੈ | ਉਨ੍ਹਾਂ ਕਿਹਾ ਕਿ 60 ਸਾਲ ਤੋਂ ਉਪਰ ਦੀ ਉਮਰ ਦੇ ਬਜ਼ੁਰਗਾਂ ਨੂੰ ਸਵੇਰੇ ਧੁੱਪ ਨਿਕਲਣ ਤੋਂ ਪਹਿਲਾਂ ਸੈਰ ਕਰਨ ਨਹੀਂ ਨਿਕਲਣਾ ਚਾਹੀਦਾ |