ਕੈਪਟਨ ਨੇ ਭਾਜਪਾ ਨੂੰ ਗਲ ਲਾ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ : ਹਰਸਿਮਰਤ ਕੌਰ ਬਾਦਲ
ਕੈਪਟਨ ਨੇ ਭਾਜਪਾ ਨੂੰ ਗਲ ਲਾ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ : ਹਰਸਿਮਰਤ ਕੌਰ ਬਾਦਲ
ਲੰਬੀ, 29 ਦਸੰਬਰ (ਗੁਰਮੀਤ ਸਿੰਘ ਮੱਕੜ) : ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਰਮਤ ਕੌਰ ਬਾਦਲ ਵਲੋਂ ਅੱਜ ਲੰਬੀ ਹਲਕੇ ਦੇ ਪਿੰਡ ਮਿੱਡਾ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੁੱਛੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਜਦੋਂ ਦਾ ਸਿੱਧੂ ਵਲੋਂ ਹੁਣ ਜਿਸ ਨੂੰ ਏ.ਜੀ. ਅਤੇ ਡੀ.ਜੀ.ਪੀ. ਲਗਾਇਆ ਗਿਆ ਹੈ ਅਤੇ ਜਿਸ ਡੀ.ਜੀ.ਪੀ. ਨੂੰ ਸੁਪਰੀਮ ਕੋਰਟ ਨੇ ਨਾਲਾਇਕ ਪਾਇਆ, ਜਿਸ ਨੂੰ ਯੂ.ਪੀ.ਐਸ.ਈ. ਨੇ ਡੀ.ਜੀ.ਪੀ. ਬਣਾਉਣ ਦੇ ਲਾਇਕ ਨਹੀਂ ਪਾਇਆ, ਉਸ ਨੂੰ ਸਿੱਧੂ ਅਤੇ ਚੰਨੀ ਵਲੋਂ ਸਿਆਸੀ ਰੰਜਸ਼ ਕੱਢਣ ਲਈ ਡੀ.ਜੀ.ਪੀ. ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 84 ਤੋਂ ਬਾਅਦ ਹੁਣ ਫਿਰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਬੇਅਦਬੀ ਕੀਤੀ, ਜਿਸ ਨੇ ਪੰਜਾਬ ਦੀ ਰੂਹ ਨੂੰ ਹਿਲਾ ਕੇ ਰਖ ਦਿਤਾ, ਉਸ ਮਾਮਲੇ ਵਿਚ ਜਾਂਚ ਕਰਨ ਦੀ ਬਜਾਏ ਸੱਭ ਕੁੱਝ ਕਾਂਗਰਸ ਸਰਕਾਰ ਵਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜਿਸ ਕਰ ਕੇ ਸੂਬੇ ਵਿਚ ਅਮਨ ਕਾਨੂੰਨ ਦੀ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ।
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਬਾਰੇ ਪੁੱਛੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਹੁਣ ਪਤਾ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀਆਂ ਤਾਰਾਂ ਕਿਥੋਂ ਤਕ ਜੁੜੀਆਂ ਹੋਈਆਂ ਹਨ, ਜਿਸ ਕਰ ਕੇ ਉਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੀ ਹਾਮੀ ਭਰੀ ਅਤੇ ਅਪਣਾ ਪੱਲਾ ਝਾੜ ਕੇ ਕਿਸਾਨਾਂ ਨੂੰ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਲ ਤੋਰਿਆ ਗਿਆ ਅਤੇ ਕਿਸਾਨਾਂ ਦੇ ਹੱਕ ਵਿਚ ਨਾ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਕੇਜਰੀਵਾਲ ਦਿੱਲੀ ਦੇ ਬਾਰਡਰਾਂ ’ਤੇ ਗਏ ਹਨ।