ਬਾਦਲਾਂ ਦੀ ਗ਼ਲਤੀ ਕਾਰਨ ਪੰਜਾਬੀ ਸੂਬੇ ਵਿਚ ਪਹਿਲੀ ਵਾਰ ਭਾਜਪਾ ਵੱਡੀ ਪਾਰਟੀ ਵਜੋਂ ਉਭਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਨੇ ਅੰਦਰਖਾਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਢਾਹ ਲਾਈ 

Narendra Modi, Parkash Singh Badal

 

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਬਣਿਆ ਨਵਾਂ ਗਠਜੋੜ ਪ੍ਰਮੁੱਖ ਸਿਆਸੀ ਦਲਾਂ ਨੂੰ ਪ੍ਰਭਾਵਤ ਕਰੇਗਾ ਤੇ ਆਉਣ ਵਾਲੇ ਦਿਨਾਂ ਵਿਚ ਰਾਜਸੀ ਵਫ਼ਾਦਾਰੀਆਂ ਬਦਲਣ ਦੀਆਂ ਚਰਚਾਵਾਂ ਛਿੜ ਪਈਆਂ ਹਨ। ਇਹ ਨਵਾਂ ਗਠਜੋੜ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀਆਂ ਪਾਰਟੀਆਂ ਦਰਮਿਆਨ ਬਣਿਆ ਹੈ ਜਿਸ ਪ੍ਰਤੀ ਲੰਮੇ ਸਮੇਂ ਤੋਂ ਗੱਲ ਚਲ ਰਹੀ ਸੀ।

ਚਰਚਾ ਮੁਤਾਬਕ ਹਾਈ ਕਮਾਂਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਕਰੋੜਾਂ ਰੁਪਏ ਦੇ ਪੈਕੇਜ ਦੇਣ ਨਾਲ ਸ਼ਹਿਰੀ ਹਲਕਿਆਂ ਦਾ ਹਿੰਦੂ ਵੋਟ ਬੈਂਕ, ਕਾਂਗਰਸ ਲਈ ਅਸ਼ੁਭ ਹੋ ਸਕਦਾ ਹੈ। ਉਧਰ ਕਾਫ਼ੀ ਸਰਗਰਮ ਨੇਤਾਵਾਂ ਦੇ ਕੈਪਟਨ ਨਾਲ ਚਲੇ ਜਾਣ ਦੇ ਚਰਚੇ ਹਨ। ਕੈਪਟਨ ਨਾਲ ਵਜ਼ੀਰ ਰਹੇ ਤੇੇ ਉਸ ਦੇ ਵਫ਼ਾਦਾਰ ਪਾਰਟੀ ਨੂੰ ਅਲਵਿਦਾ ਆਖ ਦੇਣ ਦੀਆਂ ਚਰਚਾਵਾਂ ਹਨ। ਇਸ ਤਰ੍ਹਾਂ ਇਹ ਨਵਾਂ ਗਠਜੋੜ ਪੇਂਡੂ ਹਲਕਿਆਂ ’ਚ ਕਾਂਗਰਸ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ ।

ਦੂਸਰੇ ਪਾਸੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸਿੱਖ ਪ੍ਰਭਾਵ ਵਾਲੀਆਂ ਸੀਟਾਂ ਤੇ ਬਾਦਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਨਵਾਂ ਗਠਜੋੜ ਪਹਿਲੀ ਵਾਰੀ ਪੰਜਾਬ ਵਿਚ ਬਣਿਆ ਹੈ ਜਿਸ ਵਿਚ ਭਾਜਪਾ ਵੱਡੀ ਪਾਰਟੀ ਵਜੋਂ ਉਭਰੀ ਹੈ। ਭਾਜਪਾ ਨੇ ਅੰਦਰਖਾਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਢਾਹ ਲਾਈ ਹੈ ਜਿਸ ਲਈ ਬਾਦਲ ਪ੍ਰਵਾਰ ਜ਼ੁੰਮੇਵਾਰ ਹੈ। ਚਰਚਾਵਾਂ ਮੁਤਾਬਕ ਸਿੱਖ ਪ੍ਰਭਾਵ ਵਾਲੇ ਸੂਬੇ ’ਤੇ ਕਾਬਜ਼ ਹੋਣ ਲਈ ਭਾਜਪਾ ਲੰਬੇ ਸਮੇਂ ਤੋਂ ਅੱਖ ਰੱਖ ਰਹੀ ਸੀ। ਹੁਣ ਉਸ ਵੇਲੇ ਪੰਜਾਬ ਜਿੱਤਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੀ ਸੰਭਾਵਨਾ ਹੈ।

ਦੂਸਰਾ ਬਿਕਰਮ ਸਿੰਘ ਮਜੀਠੀਆ ਤੇ ਡਰੱਗਜ਼ ਦਾ ਪਰਚਾ ਦਰਜ ਹੋਣ ਨਾਲ ਬਾਦਲ ਦਲ ਨੂੰ ਵੱਡੀ ਢਾਹ ਲੱਗਣ ਦੀ ਸੰਭਾਵਨਾ ਹੈ ਜਿਸ ਦਾ ਮਾਝੇ ਤੋਂ ਇਲਾਵਾ ਮਾਲਵੇ ਵਿਚ ਵੀ ਅਸਰ ਸੀ। ਇਸ ਤੋਂ ਛੁਟ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਲਈ ਮੋਦੀ, ਅਮਿਤ—ਸ਼ਾਹ ਜੋੜੀ, ਕੈਪਟਨ, ਬਾਦਲ ਹਰ ਹੀਲਾ ਵਰਤ ਰਹੇ ਹਨ ਜਿਸ ਦੀ ਇਮਰਾਨ ਖ਼ਾਨ ਨਾਲ ਦੋਸਤੀ ਤੇ ਭੀੜ ਖਿੱਚਣ ਤੋਂ ਉਸ ਨਾਲ ਰੰਜਸ਼ ਰੱਖ ਰਹੇ ਹਨ।

ਭਾਜਪਾ ਛੱਡਣ ਬਾਅਦ ਸਿੱਧੂ ਦੇ ਬੇਰੁਜ਼ਗਾਰੀ, ਬੇਅਦਬੀਆਂ, ਡਰੱਗਜ਼, ਮਾਫ਼ੀਆ ਰਾਜ ਖ਼ਤਮ ਕਰਨ ਲਈ ਪਹਿਲਾਂ ਬਾਦਲ ਸਰਕਾਰ ਤੇ ਫਿਰ ਕੈਪਟਨ ਹਕੂਮਤ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਇਨ੍ਹਾਂ ਨੇਤਾਵਾਂ ਦੀ ਭਾਵੇਂ ਵਿਚਾਰਧਾਰਾ ਵੱਖ-ਵੱਖ ਹੈ ਪਰ ਸਿੱਧੂ ਨੂੰ ਅਸਫ਼ਲ ਕਰਨ ਲਈ ਉਹ ਇਕ ਹਨ। ਇਹ ਡਿਗਦੇ ਸਿਆਸੀ ਮਿਆਰ ਦੀ ਝਲਕ ਹੈ। ਇਸ ਸੋਚ ਨਾਲ ਪੰਜਾਬ ਦੀ ਸਿਆਸਤ ਗੰਧਲੀ ਹੋਣ ਦੀ ਸੰਭਾਵਨਾ ਹੈ।