ਪੰਜਾਬ 'ਚ ਓਮੀਕ੍ਰੋਨ ਨੇ ਦਿੱਤੀ ਦਸਤਕ, ਨਵਾਂਸ਼ਹਿਰ ਤੋਂ ਪਹਿਲਾ ਮਾਮਲਾ ਆਇਆ ਸਾਹਮਣੇ
ਵਿਅਕਤੀ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਨੂੰ ਕਰ ਲਿਆ ਗਿਆ ਟਰੇਸ
ਨਵਾਂਸ਼ਹਿਰ: ਕੋਰੋਨਾ ਦਾ ਨਵਾਂ ਰੂਪ ਓਮੀਕ੍ਰੋਨ ਦੇਸ਼ ਭਰ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਪੰਜਾਬ 'ਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਐਂਟਰੀ ਕਰ ਲਈ ਹੈ। ਦੱਸ ਦੇਈਏ ਕਿ ਨਵਾਂਸ਼ਹਿਰ ਤੋਂ ਓਮੀਕ੍ਰੋਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਹਾਲ ਹੀ ਵਿਚ ਸਪੇਨ ਤੋਂ ਆਇਆ ਹੈ, ਜਿਸ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਦੀ ਪੁਸ਼ਟੀ ਹੋਈ ਹੈ।
ਇਹ 36 ਸਾਲਾ ਵਿਅਕਤੀ 4 ਦਸੰਬਰ ਨੂੰ ਭਾਰਤ ਆਇਆ ਸੀ ਤੇ ਨਵਾਂਸ਼ਹਿਰ ਵਿਚ ਇਸ ਦੇ ਰਿਸ਼ਤੇਦਾਰ ਰਹਿੰਦੇ ਹਨ। ਜਦੋਂ ਇਹ ਵਿਅਕਤੀ ਭਾਰਤ ਪਹੁੰਚਿਆ ਸੀ ਤਾਂ ਇਸ ਦੀ ਰਿਪੋਰਟ ਉਸ ਵੇਲੇ ਨੈਗੇਟਿਵ ਆਈ ਸੀ। ਹਾਲਾਂਕਿ 12 ਦਸੰਬਰ ਨੂੰ ਇਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਇਸ ਦੇ ਸੈਂਪਲ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਭੇਜੇ ਗਏ।
ਇਹ ਜਾਣਕਾਰੀ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਇਨਫੈਕਸ਼ਨ ਪਾਏ ਗਏ ਵਿਅਕਤੀ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਨੂੰ ਟਰੇਸ ਕਰ ਲਿਆ ਗਿਆ ਹੈ।
ਉਹਨਾਂ ਅੱਗੇ ਕਿਹਾ ਕਿ ਉਹਨਾਂ ਸਾਰਿਆਂ ਨੂੰ ਸੰਸਥਾਗਤ ਤੌਰ 'ਤੇ ਕੁਆਰੰਟੀਨ ਕਰ ਲਿਆ ਗਿਆ ਹੈ ਅਤੇ ਇਹ ਸਾਰੇ ਬਿਨਾਂ ਲੱਛਣਾਂ ਵਾਲੇ ਸਨ। ਨੈਗੇਟਿਵ ਟੈਸਟ ਆਉਣ ਤੋਂ ਬਾਅਦ ਉਹ ਸਾਰੇ ਘਰ ਪਰਤ ਗਏ ਹਨ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਬਸ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਰਹੋ।