ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਬਾਬੇ ਨਾਨਕ ਦੀ ਤੱਕੜੀ ਨਾਲ ਕਰਨਾ ਸ਼ਰਮਨਾਕ : ਸੰਧਵਾਂ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਬਾਬੇ ਨਾਨਕ ਦੀ ਤੱਕੜੀ ਨਾਲ ਕਰਨਾ ਸ਼ਰਮਨਾਕ : ਸੰਧਵਾਂ

image

ਕੋਟਕਪੂਰਾ, 29 ਦਸੰਬਰ (ਗੁਰਿੰਦਰ ਸਿੰਘ) : ਬਾਦਲ ਪਰਵਾਰ ਦੀ ਨੂੰਹ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦੀ ਤੱਕੜੀ ਦਸਣ ਦਾ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਹੈ ਕਿ ਗੁਰੂ ਸਾਹਿਬਾਨ ਦੇ ਨਾਮ ਦੀ ਤੌਹੀਨ ਕਰਨ ਦੀ ਇਸ ਤੋਂ ਵੱਡੀ ਮਿਸਾਲ ਹੋਰ ਕਿੱਥੋਂ ਮਿਲੇਗੀ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਾਤ-ਪਾਤ ਖ਼ਤਮ ਕਰਨ ਦਾ ਹੋਕਾ ਦਿਤਾ, ਧਰਮ ਦੇ ਨਾਂਅ ’ਤੇ ਵੰਡੀਆਂ ਪਾਉਣ ਵਾਲਿਆਂ ਨੂੰ ਚੋਰਾਹੇ ਵਿਚ ਭੰਡਿਆ, ਵਹਿਮ-ਭਰਮ, ਅੰਧ-ਵਿਸ਼ਵਾਸ, ਕਰਮ-ਕਾਂਡਾਂ ਆਦਿ ਵਿਚੋਂ ਲੋਕਾਂ ਨੂੰ ਕਢਿਆ ਪਰ ਬਾਦਲ ਦਲ ਗੁਰੂ ਸਾਹਿਬਾਨ ਦੇ ਨਾਮ ’ਤੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰਨ ਦੀ ਕੌਝੀ ਹਰਕਤ ਕਰਨ ਦਾ ਦੋਸ਼ੀ ਹੈ। 
ਉਨ੍ਹਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਆਖਿਆ ਕਿ ਬਾਦਲਾਂ ਦੇ ਰਾਜ ਦੌਰਾਨ ਬੇਅਦਬੀ ਕਾਂਡ ਵਾਪਰੇ, ਇਨਸਾਫ਼ ਮੰਗ ਰਹੀਆਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਬਾਦਲ ਸਰਕਾਰ ਦੀ ਪੁਲਿਸ ਵਲੋਂ ਅੱਤਿਆਚਾਰ ਢਾਹਿਆ ਗਿਆ, ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਮਿ੍ਰਤਕ ਸਰੀਰਾਂ ਵਿਚੋਂ ਨਿਕਲੀਆਂ ਗੋਲੀਆਂ ਟੈਂਪਰ ਕੀਤੀਆਂ ਗਈਆਂ, ਅਸਲ ਸਬੂਤ ਮਿਟਾ ਕੇ ਨਕਲੀ ਸਬੂਤ ਘੜਨ ਦੀਆਂ ਕੋਸ਼ਿਸ਼ਾਂ ਹੋਈਆਂ, ਸ਼ਰੇਆਮ ਨਸ਼ਾ ਵਿਕਿਆ, ਬਾਦਲਾਂ ਨੇ ਨਸ਼ਾ ਤਸਕਰਾਂ ਦੀ ਸ਼ਰੇਆਮ ਸਰਪ੍ਰਸਤੀ ਕੀਤੀ, ਗੁੰਡਾਗਰਦੀ ਦਾ ਰਾਜ ਰਿਹਾ ਤੇ ਹੁਣ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਬਾਬੇ ਨਾਨਕ ਦੀ ਤੱਕੜੀ ਨਾਲ ਕਰਨ ਦੇ ਦੋਸ਼ੀ ਬਾਦਲਾਂ ਨੂੰ ਜਾਂ ਤਾਂ ਬਿਨਾ ਦੇਰੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਤੇ ਜਾਂ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਿੱਖ ਚਿੰਤਕ ਅਤੇ ਪੰਥਕ ਵਿਦਵਾਨ ਇਸ ਦਾ ਜ਼ਰੂਰ ਨੋਟਿਸ ਲੈਣ।