ਪੰਜਾਬ ਸਰਕਾਰ ਨੇ ਲੋਕ ਹਿਤੂ ਫ਼ੈਸਲੇ ਲਾਗੂ ਕਰ ਕੇ ਟੈਕਸਾਂ ਥੱਲੇ ਦਬੇ ਲੋਕਾਂ ਨੂੰ ਰਾਹਤ ਦਿਤੀ : ਚੰਨੀ
ਪੰਜਾਬ ਸਰਕਾਰ ਨੇ ਲੋਕ ਹਿਤੂ ਫ਼ੈਸਲੇ ਲਾਗੂ ਕਰ ਕੇ ਟੈਕਸਾਂ ਥੱਲੇ ਦਬੇ ਲੋਕਾਂ ਨੂੰ ਰਾਹਤ ਦਿਤੀ : ਚੰਨੀ
ਸਮਾਣਾ, 29 ਦਸੰਬਰ (ਦਲਜਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਕੱਲੇ ਐਲਾਨ ਹੀ ਨਹੀਂ ਕੀਤੇ ਬਲਕਿ ਲੋਕ ਹਿਤੂ ਫ਼ੈਸਲੇ ਲਾਗੂ ਕਰ ਕੇ ਟੈਕਸਾਂ ਥੱਲੇ ਦਬੇ ਹੋਏ ਲੋਕਾਂ ਨੂੰ ਰਾਹਤ ਦਿਤੀ ਹੈ | ਮੁੱਖ ਮੰਤਰੀ, ਅੱਜ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਵਲੋਂ ਅਨਾਜ ਮੰਡੀ ਵਿਖੇ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ | ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ |
ਅਨਾਜ ਮੰਡੀ ਵਿਖੇ ਲੋਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਸ. ਰਾਜਿੰਦਰ ਸਿੰਘ ਨੂੰ ਲੋਕਾਂ ਦਾ ਆਗੂ ਅਤੇ ਸਿਆਣਪ ਵਾਲਾ ਸਾਊ ਸਿਆਸਤਦਾਨ ਦਸਦਿਆਂ, ਉਨ੍ਹਾਂ ਵਲੋਂ ਕੀਤੀ ਮੰਗ 'ਤੇ ਸਮਾਣਾ ਦੇ ਪਬਲਿਕ ਕਾਲਜ ਨੂੰ ਸਰਕਾਰ ਦੇ ਅਧੀਨ ਲੈਣ ਸਮੇਤ
ਸਿਵਲ ਹਸਪਤਾਲ ਦੀ ਸਮਰੱਥਾ 50 ਬਿਸਤਰਿਆਂ ਤੋਂ ਵਧਾ ਕੇ 100 ਬਿਸਤਰਿਆਂ ਦੀ ਕਰਨ ਦਾ ਵੀ ਐਲਾਨ ਕੀਤਾ | ਉਨ੍ਹਾਂ ਦਸਿਆ ਕਿ ਇਸ ਬਾਰੇ 1 ਜਨਵਰੀ ਦੀ ਕੈਬਨਿਟ ਮੀਟਿੰਗ 'ਚ ਪ੍ਰਵਾਨਗੀ ਦੇ ਕੇ ਸਮਾਣਾ ਨਿਵਾਸੀਆਂ ਨੂੰ ਰਸਮੀ ਤੋਹਫ਼ਾ ਦੇ ਦਿਤਾ ਜਾਵੇਗਾ | ਮੁੱਖ ਮੰਤਰੀ ਨੇ ਸਮਾਣਾ ਹਲਕੇ ਲਈ 5 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਉਨ੍ਹਾਂ ਦੇ ਸਿਆਸੀ ਗੁਰੂ ਹਨ, ਇਸ ਲਈ ਉਹ ਜੋ ਵੀ ਕਹਿਣਗੇ, ਸਮਾਣਾ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਹਰ ਮੰਗ ਪ੍ਰਵਾਨ ਕਰੇਗੀ |
ਮੁੱਖ ਮੰਤਰੀ ਚੰਨੀ ਅਨਾਜ ਮੰਡੀ 'ਚ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਨ ਲਈ ਲੋਕਾਂ ਦੇ ਨੇੜੇ ਅਤੇ ਮੰਚ ਦੇ ਅੱਗੇ ਚਲੇ ਗਏ, ਜਿਥੇ ਉਨ੍ਹਾਂ ਨੇ, ਡੀਜ਼ਲ ਤੇ ਪਟਰੌਲ ਸਮੇਤ ਸਸਤੀ ਬਿਜਲੀ ਦੀ ਉਦਾਹਰਣ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਫ਼ੈਸਲੇ ਕੀਤੇ ਜਿਸ
ਦਾ ਲਾਭ ਹਰ ਨਾਗਰਿਕ ਨੂੰ ਹੋਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਪਨੇ ਦਿਖਾ ਰਹੇ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ ਜਦੋਂ ਕਿ ਉਨ੍ਹਾਂ ਨੇ ਕਾਰਵਾਈ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਵਿਰੁਧ ਸਖ਼ਤੀ ਨਾਲ ਪੇਸ਼ ਆ ਰਹੀ ਹੈ | ਚੰਨੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਅਤੇ ਭਾਜਪਾ ਨੂੰ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਕਿਸਾਨੀ ਬਿਲਾਂ ਦੇ ਮਾਮਲੇ 'ਤੇ ਇਸ ਨੂੰ ਮੂੰਹ ਦੀ ਖਾਣੀ ਪਈ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੀ ਰੀਸ ਕਰ ਰਹੇ ਹਨ ਜਦਕਿ ਕੇਜਰੀਵਾਲ ਸੂਬੇ ਦੇ ਲੋਕ ਨੂੰ ਧੋਖਾ ਦੇ ਕੇ ਰਾਜ ਨੂੰ ਲੁੱਟਣ ਦੀ ਨੀਅਤ ਨਾਲ ਪੰਜਾਬ ਆ ਰਿਹਾ ਹੈ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਨਾ ਖ਼ੁਦ ਸੌਂਣਗੇ ਅਤੇ ਨਾ ਹੀ ਅਧਿਕਾਰੀਆਂ ਨੂੰ ਸੌਣ ਦੇਣਗੇ |
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਥੋੜ੍ਹੇ ਸਮੇਂ ਲਏ ਗਏ ਇਤਿਹਾਸਕ ਫ਼ੈਸਲਿਆਂ ਤੋਂ ਸੂਬੇ ਦਾ ਹਰ ਵਰਗ ਖ਼ੁਸ਼ ਹੈ | ਉਨ੍ਹਾਂ ਨੇ ਭਾਜਪਾ ਅਤੇ ਉਸ ਨਾਲ ਰਲਣ ਵਾਲੇ ਆਗੂਆਂ ਨੂੰ ਅਮਰਵੇਲ ਦਸਦਿਆਂ ਲੋਕਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿਤਾ | ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਨੇ ਮੁੱਖ ਮੰਤਰੀ ਸ. ਚੰਨੀ ਵਲੋਂ ਪਬਲਿਕ ਕਾਲਜ ਨੂੰ ਸਰਕਾਰ ਅਧੀਨ ਲੈਣ ਸਮੇਤ ਸਿਵਲ ਹਸਪਤਾਲ ਦੀ ਸਮਰੱਥਾ ਵਧਾਉਣ ਅਤੇ ਹੋਰ ਮੰਗਾਂ ਪ੍ਰਵਾਨ ਕਰਨ ਲਈ ਵਿਸ਼ੇਸ਼ ਧਨਵਾਦ ਕੀਤਾ | ਇਸ ਮੌਕੇ ਮੁੱਖ ਮੰਤਰੀ ਦਾ ਰਾਜਿੰਦਰ ਸਿੰਘ ਸਮੇਤ ਆੜ੍ਹਤੀਆਂ ਐਸੋਸੀਏਸ਼ਨ ਅਤੇ ਅਗਰਵਾਲ ਧਰਮਸ਼ਾਲਾ ਵਲੋਂ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਆਈ. ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ. ਐਸ. ਪੀ. ਹਰਚਰਨ ਸਿੰਘ ਭੁੱਲਰ, ਐਸ. ਡੀ. ਐਮ. ਸਵਾਤੀ ਟਿਵਾਣਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਪ੍ਰਦੂਮਨ ਸਿੰਘ ਵਿਰਕ, ਚੇਅਰਮੈਨ ਤਰਸੇਮ ਸਿੰਘ ਝੰਡੀ, ਸੀਨੀਅਰ ਕਾਂਗਰਸੀ ਆਗੂ ਲਾਭ ਸਿੰਘ ਸਿੱਧੂ, ਪ੍ਰਧਾਨ ਪਵਨ ਬਾਂਸਲ, ਸਾਕਬਾ ਪ੍ਰਧਾਨ ਯਸਪਾਲ ਸਿੰਗਲਾ, ਯੂਥ ਹਲਕਾ ਇੰਚਾਰਜ ਜੱਗਾ ਪਟਵਾਰੀ,ਰਾਜ ਕੁਮਾਰ ਸਚਦੇਵਾ, ਮੰਗਤ ਮਵੀ, ਅਮਿਤ ਸੀ. ਏ., ਸ਼ਿਵ ਘੱਗਾ, ਸਰਪੰਚ ਮਨਦੀਪ ਸਿੰਘ ਮੱਖਣ ਝੰਡੀ ਆਦਿ ਮੌਜੂਦ ਸਨ |
ਫੋਟੋ ਨੰ 29ਪੀਏਟੀ. 8
ਪੰਜਾਬ ਦੇ ਮੁੱਖ ਮੰਤਰੀ ਚੰਨੀ ਅਨਾਜ ਮੰਡੀ ਵਿਖੇ ਰੈਲੀ ਨੂੰ ੂ ਸੰਬੋਧਨ ਕਰਦੇ ਹੋਏ ਨਾਲ ਲਾਲ ਸਿੰਘ ਅਤੇ ਰਾਜਿੰਦਰ ਸਿੰਘ ਵੀ ਨਜ਼ਰ ਆ ਰਹੇ ਹਨ |
ਫੋਟੋ ਨੰ 29ਪੀਏਟੀ 17
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਆਮਦ 'ਤੇ ਵਿਧਾਇਕ ਰਜਿੰਦਰ ਸਿੰਘ ਵਲੋਂ ਅਨਾਜ ਮੰਡੀ ਸਮਾਣਾ ਵਿਖੇ ਕਰਵਾਏ ਗਏ ਵਿਸ਼ਾਲ ਇਕੱਠ ਦਾ ਦਿ੍ਸ਼ ਜਿਸਨੂੰ ਦੇਖ ਕੇ ਮੁੱਖ ਮੰਤਰੀ ਚੰਨੀ ਗਦ-ਗਦ ਹੋ ਉਠੇ |
ਫੋਟੋ ਨੰ 29ਪੀਏਟੀ 17-ਏ.
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਨਾਜ ਮੰਡੀ ਸਮਾਣਾ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਲਈ ਜਦੋਂ ਲੋਕਾਂ ਦੇ ਵਿਚਕਾਰ ਜਾ ਪਹੁੰਚੇ ਨਾਲ ਹਨ ਮੰਡੀ ਕਰਨ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਤੇ ਵਿਧਾਇਕ ਰਜਿੰਦਰ ਸਿੰਘ |